
Skip to content

ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੇ ਤਬਾਦਲਿਆਂ ਦੀ ਮਿਆਦ 30 ਜੂਨ ਤੱਕ ਵਧਾਈ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਮ ਤਬਾਦਲਿਆਂ (ਟ੍ਰਾਂਸਫਰਾਂ) ਅਤੇ ਨਿਯੁਕਤੀਆਂ ਲਈ ਨਿਰਧਾਰਿਤ ਸਮਾਂ-ਸੀਮਾ ਵਿੱਚ ਵਾਧਾ ਕਰ ਦਿੱਤਾ ਹੈ। ਕਾਰਮਿਕ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਸੂਬੇ ਦੇ ਸਾਰੇ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਆਮ ਤਬਾਦਲੇ ਅਤੇ ਨਿਯੁਕਤੀਆਂ 30 ਜੂਨ 2026 ਤੱਕ ਕੀਤੀਆਂ ਜਾ ਸਕਣਗੀਆਂ।
ਕਾਰਮਿਕ ਵਿਭਾਗ ਦੀ ਪਰਸੋਨਲ ਪਾਲਿਸੀ-2 ਸ਼ਾਖਾ ਵੱਲੋਂ ਜਾਰੀ ਪੱਤਰ ਰਾਹੀਂ ਸਾਰੇ ਵਿਭਾਗ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਐੱਸ.ਡੀ.ਐੱਮ.ਜ਼ ਅਤੇ ਵੱਖ-ਵੱਖ ਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨਾਂ ਤੇ ਮੈਨੇਜਿੰਗ ਡਾਇਰੈਕਟਰਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ।
ਪਹਿਲਾਂ ਆਮ ਤਬਾਦਲਿਆਂ ਅਤੇ ਨਿਯੁਕਤੀਆਂ ਦੀ ਮਿਆਦ 15 ਅਪ੍ਰੈਲ 2026 ਤੋਂ 14 ਜੂਨ 2026 ਤੱਕ ਨਿਰਧਾਰਿਤ ਕੀਤੀ ਗਈ ਸੀ, ਪਰ ਹੁਣ ਇਸ ਵਿੱਚ 16 ਦਿਨਾਂ ਦਾ ਵਾਧਾ ਕਰਦੇ ਹੋਏ ਆਖਰੀ ਤਾਰੀਖ 30 ਜੂਨ 2026 ਕਰ ਦਿੱਤੀ ਗਈ ਹੈ।
ਹੁਕਮਾਂ ਅਨੁਸਾਰ 30 ਜੂਨ ਤੋਂ ਬਾਅਦ ਆਮ ਤਬਾਦਲਿਆਂ ਅਤੇ ਨਿਯੁਕਤੀਆਂ ’ਤੇ ਪੂਰੀ ਤਰ੍ਹਾਂ ਰੋਕ ਲੱਗ ਜਾਵੇਗੀ। ਇਸ ਤੋਂ ਬਾਅਦ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦਾ ਤਬਾਦਲਾ ਜਾਂ ਨਿਯੁਕਤੀ ਸਿਰਫ਼ ਕਾਰਮਿਕ ਵਿਭਾਗ ਵੱਲੋਂ 23 ਅਪ੍ਰੈਲ 2018 ਨੂੰ ਜਾਰੀ ਟ੍ਰਾਂਸਫਰ ਨੀਤੀ ਦੇ ਪ੍ਰਾਵਧਾਨਾਂ ਅਧੀਨ ਹੀ ਕੀਤੀ ਜਾ ਸਕੇਗੀ।
ਵਿਭਾਗ ਨੇ ਸਾਰੇ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਤਬਾਦਲਿਆਂ ਨਾਲ ਸਬੰਧਤ ਜਿਹੜੇ ਵੀ ਮਾਮਲੇ ਲੰਬਿਤ ਹਨ, ਉਨ੍ਹਾਂ ਦਾ ਨਿਪਟਾਰਾ ਨਿਰਧਾਰਿਤ ਸਮਾਂ-ਸੀਮਾ ਅੰਦਰ ਕੀਤਾ ਜਾਵੇ। ਸਰਕਾਰ ਦੇ ਇਸ ਫ਼ੈਸਲੇ ਨਾਲ ਵੱਖ-ਵੱਖ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਬਕਾਇਆ ਪਏ ਤਬਾਦਲਿਆਂ ਨੂੰ ਅੰਤਿਮ ਰੂਪ ਦੇਣ ਦਾ ਮੌਕਾ ਮਿਲੇਗਾ।
ਕਾਰਮਿਕ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਹੁਕਮ ਸਮਰੱਥ ਅਥਾਰਟੀ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤੇ ਗਏ ਹਨ ਅਤੇ ਤੁਰੰਤ ਪ੍ਰਭਾਵ ਨਾਲ ਪੂਰੇ ਪੰਜਾਬ ਵਿੱਚ ਲਾਗੂ ਹੋਣਗੇ।
Related