ਬਟਾਲਾ ’ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਇੱਟਾਂ-ਰੋੜੇ ਚੱਲੇ; ਕਈ ਜ਼ਖ਼ਮੀ, ਪੁਲਿਸ ਜਾਂਚ ’ਚ ਜੁਟੀ

ਬਟਾਲਾ (ਅਰਸ਼ਦੀਪ ਸਿੰਘ ਕਾਲੜਾ)   :- ਸ਼ਹਿਰ ਦੇ ਮਾਨ ਨਗਰ ਇਲਾਕੇ ’ਚ ਦੇਰ ਰਾਤ ਦੋ ਧਿਰਾਂ ਵਿਚਾਲੇ ਹੋਏ ਵਿਵਾਦ ਨੇ ਉਸ ਵੇਲੇ ਤਣਾਅਪੂਰਨ ਰੂਪ ਧਾਰ ਲਿਆ ਜਦੋਂ ਗਾਲੀ-ਗਲੋਚ ਤੋਂ ਸ਼ੁਰੂ ਹੋਈ ਤਕਰਾਰ ਹਮਲੇ ਅਤੇ ਇੱਟਾਂ-ਰੋੜਿਆਂ ਦੀ ਬਰਸਾਤ ਤੱਕ ਪਹੁੰਚ ਗਈ। ਝੜਪ ਦੌਰਾਨ ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਇਕ ਧਿਰ ਦਾ ਦੋਸ਼ ਹੈ ਕਿ ਮੁਹੱਲੇ ਦਾ ਇਕ ਨੌਜਵਾਨ ਖੁੱਲ੍ਹੇਆਮ ਨਸ਼ਾ ਵੇਚਦਾ ਹੈ, ਜਿਸ ਸਬੰਧੀ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਰੰਜਿਸ਼ ਕਾਰਨ ਨੌਜਵਾਨ ਵੱਲੋਂ ਮੁਹੱਲੇ ’ਚ ਹੰਗਾਮਾ ਕੀਤਾ ਗਿਆ, ਜਿਸ ਤੋਂ ਬਾਅਦ ਮਾਮਲਾ ਹਿੰਸਕ ਹੋ ਗਿਆ।

ਦੂਜੇ ਪਾਸੇ ਉਕਤ ਨੌਜਵਾਨ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਸ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪੁਲਿਸ ਉਸ ਨੂੰ ਪੁੱਛਗਿੱਛ ਲਈ ਲੈ ਕੇ ਗਈ ਸੀ, ਪਰ ਉਸ ਕੋਲੋਂ ਜਾਂ ਉਸ ਦੇ ਘਰ ਤੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ। ਨੌਜਵਾਨ ਦਾ ਦਾਅਵਾ ਹੈ ਕਿ ਉਸ ’ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਅਤੇ ਮੁਹੱਲੇ ਦੇ ਕੁਝ ਲੋਕਾਂ ਨੇ ਉਸ ਨੂੰ ਰਾਹ ’ਚ ਰੋਕ ਕੇ ਹਮਲਾ ਕੀਤਾ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਘਰ ’ਤੇ ਇੱਟਾਂ-ਰੋੜੇ ਮਾਰ ਕੇ ਕਾਫ਼ੀ ਨੁਕਸਾਨ ਪਹੁੰਚਾਇਆ ਗਿਆ।

ਘਟਨਾ ਦੌਰਾਨ ਦੋਵੇਂ ਧਿਰਾਂ ਦੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਹਾਲਾਤ ਨੂੰ ਕਾਬੂ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।