
Skip to content

ਚੰਡੀਗੜ੍ਹ: ਪੰਜਾਬ ਵਿੱਚ ਯੂਰੀਆ ਤੇ DAP ਖਾਦ ਦੀ ਉਪਲਬਧਤਾ ਬਾਰੇ ਕੇਂਦਰ ਦਾ ਵੱਡਾ ਬਿਆਨ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਖਰੀਫ਼ 2026 ਸੀਜ਼ਨ ਲਈ ਪੰਜਾਬ ਵਿੱਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਪੂਰੀ ਤਰ੍ਹਾਂ ਉਪਲਬਧ ਹੈ। ਇਹ ਜਾਣਕਾਰੀ ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ 10 ਜੂਨ 2026 ਨੂੰ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੂੰ ਲਿਖੇ ਪੱਤਰ ਦੇ ਜਵਾਬ ਵਿੱਚ ਸਾਹਮਣੇ ਆਈ।
23 ਜੂਨ 2026 ਨੂੰ ਕੇਂਦਰ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੀ ਸੰਯੁਕਤ ਸਕੱਤਰ ਬੰਦਨਾ ਪ੍ਰੇਯਸ਼ੀ, ਆਈ.ਏ.ਐੱਸ. ਨੇ ਜਾਣਕਾਰੀ ਦਿੱਤੀ ਕਿ ਪੰਜਾਬ ਨੂੰ 11,45,000 ਮੀਟ੍ਰਿਕ ਟਨ ਯੂਰੀਆ ਅਤੇ 1,80,000 ਮੀਟ੍ਰਿਕ ਟਨ DAP ਉਪਲਬਧ ਕਰਵਾਈ ਗਈ ਹੈ, ਜੋ ਰਾਜ ਦੀ ਅੰਦਾਜ਼ਿਤ ਲੋੜ ਤੋਂ ਵੱਧ ਹੈ। ਇਸ ਦੇ ਨਾਲ ਹੀ ਰਾਜ ਕੋਲ ਇਸ ਸਮੇਂ 4,27,000 ਮੀਟ੍ਰਿਕ ਟਨ ਯੂਰੀਆ ਅਤੇ 98,000 ਮੀਟ੍ਰਿਕ ਟਨ DAP ਦਾ ਕਲੋਜ਼ਿੰਗ ਸਟਾਕ ਮੌਜੂਦ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਪੰਜਾਬ ਦਾ ਕਿਸਾਨ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਰਾਜ ਸਰਕਾਰ ਇਹ ਖਾਦ ਜ਼ਿਲ੍ਹਾ ਅਤੇ ਬਲਾਕ ਪੱਧਰ ਤੱਕ ਕਿਸਾਨਾਂ ਤੱਕ ਪਹੁੰਚਾ ਪਾਉਂਦੀ ਹੈ ਜਾਂ ਨਹੀਂ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਖਾਦ (ਕੰਟਰੋਲ) ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਅਧੀਨ ਜ਼ਖੀਰੇਬਾਜ਼ੀ ਅਤੇ ਕਾਲਾਬਜ਼ਾਰੀ ਵਿਰੁੱਧ ਕਾਰਵਾਈ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਖਾਦ ਦੀ ਪਾਰਦਰਸ਼ੀ ਅਤੇ ਸਮੇਂ ਸਿਰ ਵੰਡ ਯਕੀਨੀ ਬਣਾਵੇ।

Related