
Skip to content

ਬਟਾਲਾ (ਅਰਸ਼ਦੀਪ ਸਿੰਘ ਕਾਲੜਾ) :- ਬਟਾਲਾ ਦੇ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਮਨੇਸ ਨਹਿਰ ਨੇੜੇ ਪੁਲਿਸ ਅਤੇ ਇਕ ਗੈਂਗਸਟਰ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੁਕਾਬਲੇ ਦੌਰਾਨ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਮਹਿਤਾਬ ਸਿੰਘ, ਸੀ.ਆਈ.ਏ. ਦੀ ਟੀਮ, ਫਰੈਂਸਿਕ ਮਾਹਿਰਾਂ ਅਤੇ ਥਾਣਾ ਘੁਮਾਣ ਸਮੇਤ ਵੱਖ-ਵੱਖ ਥਾਣਿਆਂ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਵੱਲੋਂ ਇਲਾਕੇ ਨੂੰ ਘੇਰ ਕੇ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਬਟਾਲਾ ਵਿੱਚ ਇੱਕ ਗਾਰਮੈਂਟ ਦੀ ਦੁਕਾਨ ਦੇ ਮਾਲਕ ਕੋਲੋਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਵੱਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਨਾ ਦੇਣ ’ਤੇ ਦੁਕਾਨ ’ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਹੋਈ ਸੀ।
ਪੁਲਿਸ ਨੇ ਬੀਤੇ ਦਿਨ ਬਲਦੇਵ ਸਿੰਘ ਉਰਫ਼ ਕਰਨ ਪੁੱਤਰ ਚਾਂਦ ਸਿੰਘ ਵਾਸੀ ਖਜਾਲਾ, ਥਾਣਾ ਘੁਮਾਣ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਉਸ ਦੀ ਨਿਸ਼ਾਨਦੇਹੀ ’ਤੇ ਪਿੰਡ ਮਨੇਸ ਨੇੜੇ ਨਹਿਰ ਕੰਢੇ ਲੈ ਕੇ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ ’ਤੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਉਹ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

Related