
Skip to content

ਪੁਰਾਣੀ ਰੰਜਿਸ਼ ਨੇ ਲਈ ਜਾਨ, ਸਾਂਢੂ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਸਾਂਢੂ ਦਾ ਕਤਲ
ਬਟਾਲਾ (ਅਰਸ਼ਦੀਪ ਸਿੰਘ ਕਾਲੜਾ) :- ਪਿੰਡ ਮੰਮਣ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਵਿਅਕਤੀ ਦਾ ਉਸ ਦੇ ਹੀ ਸਾਂਢੂ ਵੱਲੋਂ ਕਥਿਤ ਤੌਰ ‘ਤੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਮ੍ਰਿਤਕ ਦੀ ਮਾਤਾ ਅਤੇ ਬੇਟੀ ਵੀ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਥਾਣਾ ਰੰਗੜ ਨੰਗਲ ਦੇ ਐੱਸ.ਐੱਚ.ਓ. ਹਰਮੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਆਪਣੇ ਸਾਂਢੂ ਰਾਜ ਸਿੰਘ ਉਰਫ਼ ਰਾਜੂ ਭਈਆ ਨਾਲ ਕਾਫ਼ੀ ਸਮੇਂ ਤੋਂ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਕੁਝ ਦਿਨ ਪਹਿਲਾਂ ਦੋਵਾਂ ਵਿਚਾਲੇ ਝਗੜਾ ਵੀ ਹੋਇਆ ਸੀ, ਜਿਸ ਦਾ ਪਿੰਡ ਦੇ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ।
ਪੁਲਿਸ ਮੁਤਾਬਕ ਰੰਜਿਸ਼ ਖ਼ਤਮ ਨਾ ਹੋਣ ਕਾਰਨ ਰਾਜ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਵਿੰਦਰ ਸਿੰਘ ਦੇ ਘਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਦਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਮਲਾਵਰਾਂ ਨੇ ਇਸ ਦੌਰਾਨ ਘਰ ਵਿੱਚ ਮੌਜੂਦ ਮ੍ਰਿਤਕ ਦੀ ਮਾਤਾ ਕੁਲਵੰਤ ਕੌਰ ਅਤੇ ਬੇਟੀ ਮਨਪ੍ਰੀਤ ਕੌਰ ਨੂੰ ਵੀ ਜ਼ਖ਼ਮੀ ਕਰ ਦਿੱਤਾ ਅਤੇ ਘਟਨਾ ਤੋਂ ਬਾਅਦ ਫ਼ਰਾਰ ਹੋ ਗਏ।
ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ। ਥਾਣਾ ਰੰਗੜ ਨੰਗਲ ਵਿੱਚ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Related