ਪਾਣੀ ਦੀ ਟੈਂਕੀ ‘ਚ ਡੁੱਬਣ ਨਾਲ ਚਚੇਰੇ ਭੈਣ-ਭਰਾ ਦੀ ਮੌਤ, ਪਿੰਡ ‘ਚ ਸੋਗ ਦੀ ਲਹਿਰ

ਅਬੋਹਰ (ਅਰਸ਼ਦੀਪ ਸਿੰਘ ਕਾਲੜਾ): ਅਬੋਹਰ-ਸ਼੍ਰੀਗੰਗਾਨਗਰ ਰਾਸ਼ਟਰੀ ਰਾਜਮਾਰਗ ‘ਤੇ ਸਥਿਤ ਪਿੰਡ ਮੌਜਗੜ੍ਹ ਵਿੱਚ ਪਾਣੀ ਦੀ ਟੈਂਕੀ ਵਿੱਚ ਡੁੱਬਣ ਕਾਰਨ ਦੋ ਚਚੇਰੇ ਭੈਣ-ਭਰਾ ਦੀ ਦਰਦਨਾਕ ਮੌਤ ਹੋ ਗਈ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਅੱਜ ਸਵੇਰੇ ਟੈਂਕੀ ਵਿਚੋਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਮੌਜਗੜ੍ਹ ਦੇ ਰਹਿਣ ਵਾਲੇ ਦੀਪਕ ਦਾ 6 ਸਾਲਾ ਪੁੱਤਰ ਸਿਧਾਂਤ ਅਤੇ ਉਸ ਦੇ ਚਾਚੇ ਰਣਜੀਤ ਦੀ ਕਰੀਬ 8 ਸਾਲਾ ਧੀ ਲਵਪ੍ਰੀਤ ਬੀਤੇ ਦਿਨ ਸਵੇਰੇ ਕਰੀਬ 11 ਵਜੇ ਘਰੋਂ ਖੇਡਣ ਲਈ ਨਿਕਲੇ ਸਨ। ਦੁਪਹਿਰ ਤੱਕ ਦੋਵੇਂ ਵਾਪਸ ਨਾ ਆਉਣ ‘ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਾਮ ਤੱਕ ਕੋਈ ਸੁਰਾਗ ਨਾ ਮਿਲਣ ‘ਤੇ ਪੂਰੇ ਪਿੰਡ ਦੇ ਲੋਕ ਵੀ ਤਲਾਸ਼ ਵਿੱਚ ਜੁੱਟ ਗਏ।

ਤਲਾਸ਼ ਦੌਰਾਨ ਅੱਜ ਤੜਕੇ ਕਰੀਬ 2 ਵਜੇ ਪਿੰਡ ਤੋਂ ਕੁਝ ਦੂਰ ਜਾਖੜ ਦੀ ਟੌਫ਼ੀ ਫੈਕਟਰੀ ਨੇੜੇ ਸਥਿਤ ਪਾਣੀ ਦੀ ਟੈਂਕੀ ਵਿੱਚੋਂ ਲਵਪ੍ਰੀਤ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਉਸੇ ਟੈਂਕੀ ਵਿੱਚ ਸਿਧਾਂਤ ਦੀ ਭਾਲ ਕੀਤੀ ਗਈ ਅਤੇ ਸਵੇਰੇ ਕਰੀਬ 5 ਵਜੇ ਉਸ ਦੀ ਲਾਸ਼ ਵੀ ਮਿਲ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਖੂਈਆਂ ਸਰਵਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਦੁਖਦਾਈ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸਿਧਾਂਤ ਆਪਣੇ ਪਰਿਵਾਰ ਵਿੱਚ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।