ਜ਼ਮੀਨੀ ਵਿਵਾਦ ਨੇ ਲਈ ਦੋ ਜਾਨਾਂ, ਫੌਜੀ ਜਵਾਨ ਤੇ ਪਿਤਾ ਦਾ ਗੋਲੀ ਮਾਰ ਕੇ ਕਤਲ

ਵੈਸ਼ਾਲੀ (ਅਰਸ਼ਦੀਪ ਸਿੰਘ ਕਾਲੜਾ): ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਬਿਦੂਪੁਰ ਥਾਣਾ ਖੇਤਰ ਵਿੱਚ ਜ਼ਮੀਨੀ ਵਿਵਾਦ ਨੇ ਖੂਨੀ ਰੂਪ ਧਾਰ ਲਿਆ, ਜਿੱਥੇ ਇੱਕ ਫੌਜੀ ਜਵਾਨ ਅਤੇ ਉਸ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੀ ਪਛਾਣ ਨਾਰਿਕ ਰਾਏ ਅਤੇ ਉਨ੍ਹਾਂ ਦੇ ਪੁੱਤਰ ਜਿਤੇਂਦਰ ਕੁਮਾਰ ਵਜੋਂ ਹੋਈ ਹੈ। ਜਿਤੇਂਦਰ ਕੁਮਾਰ ਭਾਰਤੀ ਫੌਜ ਵਿੱਚ ਤਾਇਨਾਤ ਸਨ।

ਪੁਲਿਸ ਦੇ ਅਨੁਸਾਰ ਇਹ ਘਟਨਾ ਘਰ ਨੂੰ ਜਾਣ ਵਾਲੇ ਰਸਤੇ ਨੂੰ ਲੈ ਕੇ ਚੱਲ ਰਹੇ ਜ਼ਮੀਨੀ ਵਿਵਾਦ ਕਾਰਨ ਵਾਪਰੀ। ਸਦਰ ਦੇ ਐਸਡੀਪੀਓ ਸੁਬੋਧ ਕੁਮਾਰ ਨੇ ਦੱਸਿਆ ਕਿ ਵਿਵਾਦ ਦੌਰਾਨ ਮੁਲਜ਼ਮਾਂ ਨੇ ਪਿਤਾ-ਪੁੱਤਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਹਮਲੇ ਵਿੱਚ ਨਾਰਿਕ ਰਾਏ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜਖ਼ਮੀ ਜਿਤੇਂਦਰ ਕੁਮਾਰ ਨੂੰ ਇਲਾਜ ਲਈ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।

ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਚਾਰ ਖੋਖੇ (ਕਾਰਤੂਸ) ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।