
Skip to content

ਮਹਿੰਗਾਈ ਦੀ ਮਾਰ ਨਾਲ ਰਸੋਈ ਦਾ ਬਜਟ ਵਿਗੜਿਆ, ਸਬਜ਼ੀਆਂ ਦੇ ਵਧੇ ਭਾਅ ਨੇ ਲੋਕਾਂ ਦੀਆਂ ਵਧਾਈਆਂ ਮੁਸ਼ਕਲਾਂ
ਪੰਜਾਬ (ਅਰਸ਼ਦੀਪ ਸਿੰਘ ਕਾਲੜਾ) :- ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਦਾ ਸਭ ਤੋਂ ਵੱਡਾ ਅਸਰ ਹੁਣ ਆਮ ਲੋਕਾਂ ਦੀ ਰਸੋਈ ‘ਤੇ ਨਜ਼ਰ ਆ ਰਿਹਾ ਹੈ। ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਸਬਜ਼ੀਆਂ ਦੇ ਭਾਅ ਵਿੱਚ ਹੋਏ ਵਾਧੇ ਨੇ ਘਰੇਲੂ ਬਜਟ ਹਿਲਾ ਕੇ ਰੱਖ ਦਿੱਤਾ ਹੈ। ਜਿੱਥੇ ਪਹਿਲਾਂ 400 ਤੋਂ 500 ਰੁਪਏ ਵਿੱਚ ਕਈ ਦਿਨਾਂ ਦੀਆਂ ਸਬਜ਼ੀਆਂ ਆ ਜਾਂਦੀਆਂ ਸਨ, ਉੱਥੇ ਹੁਣ ਇੰਨੀ ਹੀ ਰਕਮ ਨਾਲ ਦੋ-ਤਿੰਨ ਦਿਨ ਦੀ ਲੋੜ ਵੀ ਮੁਸ਼ਕਲ ਨਾਲ ਪੂਰੀ ਹੋ ਰਹੀ ਹੈ।
ਸਥਾਨਕ ਬਾਜ਼ਾਰਾਂ ਵਿੱਚ ਟਮਾਟਰ 25 ਤੋਂ 35 ਰੁਪਏ, ਆਲੂ 30 ਤੋਂ 38 ਰੁਪਏ, ਪਿਆਜ਼ 35 ਤੋਂ 47 ਰੁਪਏ, ਭਿੰਡੀ 40 ਤੋਂ 60 ਰੁਪਏ, ਗੋਭੀ 35 ਤੋਂ 50 ਰੁਪਏ, ਬੈਂਗਣ 30 ਤੋਂ 45 ਰੁਪਏ, ਕਰੇਲਾ 50 ਤੋਂ 70 ਰੁਪਏ, ਸ਼ਿਮਲਾ ਮਿਰਚ 60 ਤੋਂ 90 ਰੁਪਏ, ਹਰੀ ਮਿਰਚ 65 ਤੋਂ 80 ਰੁਪਏ, ਅਦਰਕ 100 ਤੋਂ 140 ਰੁਪਏ ਅਤੇ ਲਸਣ 180 ਤੋਂ 250 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੇ ਹਨ। ਇਸ ਤੋਂ ਇਲਾਵਾ ਹਰੀ ਧਨੀਆ ਵੀ 10 ਤੋਂ 20 ਰੁਪਏ ਪ੍ਰਤੀ ਗੁੱਛਾ ਮਿਲ ਰਹੀ ਹੈ, ਜਿਸ ਨਾਲ ਘਰੇਲੂ ਖਰਚ ਹੋਰ ਵੱਧ ਗਿਆ ਹੈ।
ਸਥਾਨਕ ਨਿਵਾਸੀ ਵਿੱਕੀ ਮੋੜੀਗੱਡ ਨੇ ਕਿਹਾ ਕਿ ਸਬਜ਼ੀਆਂ ਦੇ ਨਾਲ-ਨਾਲ ਦਾਲਾਂ, ਖਾਣ ਵਾਲੇ ਤੇਲ, ਦੁੱਧ, ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਘਰ ਦਾ ਬਜਟ ਸੰਭਾਲਣਾ ਔਖਾ ਹੋ ਗਿਆ ਹੈ। ਕਈ ਪਰਿਵਾਰ ਹੁਣ ਮਹਿੰਗੀਆਂ ਸਬਜ਼ੀਆਂ ਦੀ ਥਾਂ ਸਸਤੀਆਂ ਸਬਜ਼ੀਆਂ ਨਾਲ ਹੀ ਗੁਜ਼ਾਰਾ ਕਰਨ ਲਈ ਮਜਬੂਰ ਹਨ।
ਅਮਨ ਮਿੱਤਲ ਨੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ, ਬਰਸਾਤ, ਖੇਤਾਂ ਵਿੱਚ ਘੱਟ ਪੈਦਾਵਾਰ, ਮੰਡੀਆਂ ਵਿੱਚ ਸਪਲਾਈ ਦੀ ਕਮੀ ਅਤੇ ਡੀਜ਼ਲ ਸਮੇਤ ਆਵਾਜਾਈ ਦੇ ਵਧੇ ਖਰਚੇ ਸਬਜ਼ੀਆਂ ਦੀਆਂ ਕੀਮਤਾਂ ਵਧਣ ਦੇ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਜਦੋਂ ਮੰਡੀਆਂ ਵਿੱਚ ਆਮਦ ਘਟਦੀ ਹੈ ਤਾਂ ਭਾਅ ਵਿੱਚ ਤੇਜ਼ੀ ਆ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਖਪਤਕਾਰਾਂ ‘ਤੇ ਪੈਂਦਾ ਹੈ।
ਸ਼ੰਟੂ ਮੈਂਬਰ ਨੇ ਕਿਹਾ ਕਿ ਖੁਰਾਕੀ ਮਹਿੰਗਾਈ ਹੁਣ ਆਮ ਆਦਮੀ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ। ਆਮਦਨ ਅਤੇ ਤਨਖਾਹਾਂ ਵਿੱਚ ਉਸੇ ਅਨੁਪਾਤ ਵਿੱਚ ਵਾਧਾ ਨਹੀਂ ਹੋ ਰਿਹਾ, ਜਿਸ ਰਫ਼ਤਾਰ ਨਾਲ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ। ਇਸ ਕਾਰਨ ਮੱਧ ਵਰਗ ਅਤੇ ਦਿਹਾੜੀਦਾਰ ਪਰਿਵਾਰਾਂ ਨੂੰ ਬੱਚਿਆਂ ਦੀ ਪੜ੍ਹਾਈ, ਇਲਾਜ ਅਤੇ ਹੋਰ ਜ਼ਰੂਰੀ ਖਰਚਿਆਂ ਵਿੱਚ ਵੀ ਕਟੌਤੀ ਕਰਨੀ ਪੈ ਰਹੀ ਹੈ।
ਇਸ ਦੌਰਾਨ ਰਵਿੰਦਰ ਮੋੜੀਗੱਡ ਨੇ ਸਰਕਾਰ ਤੋਂ ਮੰਗ ਕੀਤੀ ਕਿ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾਵੇ, ਜਮਾਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੰਡੀਆਂ ਵਿੱਚ ਸਬਜ਼ੀਆਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ।
ਲੋਕਾਂ ਦਾ ਕਹਿਣਾ ਹੈ ਕਿ ਜੇ ਮਹਿੰਗਾਈ ‘ਤੇ ਜਲਦ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਆਮ ਪਰਿਵਾਰਾਂ ਲਈ ਘਰੇਲੂ ਬਜਟ ਸੰਭਾਲਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਫਿਲਹਾਲ, ਹਰ ਰੋਜ਼ ਸਬਜ਼ੀ ਮੰਡੀ ਜਾਣ ਵਾਲਾ ਖਪਤਕਾਰ ਮਹਿੰਗਾਈ ਦੀ ਚੁਭਣ ਨੂੰ ਨੇੜਿਓਂ ਮਹਿਸੂਸ ਕਰ ਰਿਹਾ ਹੈ।
Related