ਸ੍ਰੀ ਮੁਕਤਸਰ ਸਾਹਿਬ  (ਵਿਪਨ ਮਿੱਤਲ) :  ਨੇੜਲੇ ਪਿੰਡ ਚੱਕ ਬੀੜ ਸਰਕਾਰ ਦੇ ਜੰਮਪਲ ਪੁਸ਼ਤੈਨੀ ਲੈਂਡਲਾਰਡ ਅਤੇ ਸਰਦਾਰ ਕਹੇ ਜਾਣ ਵਾਲੇ ਬਾਵਾ ਯਾਦਵਿੰਦਰ ਸਿੰਘ (ਲਾਲੀ ਬਾਵਾ) ਨੇ ਅੱਜ ਸਥਾਨਕ ਡਾ. ਅੰਬੇਡਕਰ ਪਾਰਕ ਵਿਖੇ ਕੀਤੇ ਜਾ ਰਹੇ ਸੁੰਦਰੀਕਰਨ ਦੇ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਰਸਮੀ ਤੌਰ ’ਤੇ ਇਸਦੀ ਸ਼ੁਰੂਆਤ ਕੀਤੀ। ਬਾਵਾ ਲਾਲੀ ਨੇ ਆਪਣੇ ਕਰ ਕਮਲਾਂ ਨਾਲ ਸੁੰਦਰੀਕਰਨ ਦਾ ਕਾਰਜ ਪਹਿਲੀ ਇੱਟ ਲਗਾ ਕੇ ਸ਼ੁਰੂ ਕੀਤਾ। ਇਸ ਮੌਕੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ। ਇਸ ਸਮੇਂ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਿਪਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ ਤੇ ਪ੍ਰਦੀਪ ਧੂੜੀਆ (ਦੋਵੇਂ ਪੈਟਰਨ), ਐਡਵੋਕੇਟਰ ਰਣਜੀਤ ਸਿੰਘ ਥਾਂਦੇਵਾਲਾ, ਸੀਨੀਅਰ ਮੈਂਬਰ ਮਮਤਾ ਸ਼ੁਕਲਾ, ਵਿਕਾਸ ਸ਼ੁਕਲਾ, ਹਨੀ ਕਾਉਣੀ ਅਤੇ ਵਿਸ਼ੂ ਚੌਧਰੀ ਆਦਿ ਮੌਜੂਦ ਸਨ। ਇਸ ਤੋਂ ਇਲਾਵਾ ਮੌਜੂਦਾ ਸਮੇਂ ਵਿੱਚ ਪਾਰਕ ਦੀ ਦੇਖ ਰੇਖ ਅਤੇ ਸੇਵਾ ਸੰਭਾਲ ਕਰ ਰਹੀ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ ਦੇ ਚਾਂਸਲਰ ਡਾ. ਜੋਰਾ ਸਿੰਘ ਵੱਲੋਂ ਉਚੇਚੇ ਤੌਰ ’ਤੇ ਭੇਜੇ ਗਏ ਦੋ ਨੁਮਾਇੰਦੇ ਸੁਪਰਵਾਈਜਰ ਦਿਲਬਾਗ ਸਿੰਘ ਬਾਗੀ ਮਾਨ ਅਤੇ ਪ੍ਰਿੰ. ਸੰਜੀਵ ਜਿੰਦਲ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਵਿਕਾਸ ਮਿਸ਼ਨ ਵੱਲੋਂ ਲੋਕਾਂ ਦੇ ਆਰਥਿਕ ਸਹਿਯੋਗ ਨਾਲ ਅੰਬੇਡਕਰ ਪਾਰਕ ਦੇ ਸੁੰਦਰੀਕਰਨ ਦਾ ਕਾਰਜ ਆਰੰਭਿਆ ਹੋਇਆ ਹੈ। ਮਿਸ਼ਨ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਬਾਵਾ ਲਾਲੀ ਨੇ ਮਿਸ਼ਨ ਪ੍ਰਧਾਨ ਸ੍ਰੀ ਢੋਸੀਵਾਲ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਕਾਸ ਮਿਸ਼ਨ ਵੱਲੋਂ ਸਮਾਜ ਸੇਵਾ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਪਾਰਕ ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ। ਸ੍ਰੀ ਢੋਸੀਵਾਲ ਨੇ ਉਕਤ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਹੈ ਕਿ ਕਰੀਬ ਦੋ ਦਹਾਕੇ ਪਹਿਲਾਂ ਬਣਾਏ ਗਏ ਇਸ ਪਾਰਕ ਲਈ ਬਾਵਾ ਲਾਲੀ ਦੇ ਪਰਿਵਾਰ ਵੱਲੋਂ ਮੌਜੂਦਾ ਸਮੇਂ ਵਿੱਚ ਕਰੋੜਾਂ ਰੁਪਏ ਵਾਲੀ ਇਹ ਕੀਮਤੀ ਜਗਾ ਦਾਨ ਕੀਤੀ ਸੀ। ਉਸ ਵੇਲੇ ਜਿਲ੍ਹਾ ਪ੍ਰਸ਼ਾਸਨ ਅਤੇ ਸਿਰਫ਼ ਬਾਵਾ ਲਾਲੀ ਦੇ ਸਾਂਝੇ ਯਤਨਾਂ ਨਾਲ ਅੰਬੇਡਕਰ ਪਾਰਕ ਦੀ ਸਥਾਪਨਾ ਕੀਤੀ ਗਈ ਸੀ। ਪਾਰਕ ਦੀ ਉਸਾਰੀ ਲਈ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਵੀ ਉਸ ਵੇਲੇ ਇਕਵੰਜਾ ਸੌ ਰੁਪਏ ਦਾ ਆਰਥਿਕ ਸਹਿਯੋਗ ਦਿੱਤਾ ਗਿਆ ਸੀ। ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਬਹੁਤ ਲੰਮਾ ਸਮਾਂ ਪਹਿਲਾਂ ਬਾਵਾ ਲਾਲੀ ਵੱਲੋਂ ਪਾਰਕ ਲਈ ਉਕਤ ਜਗਾ ਦਿੱਤੇ ਜਾਣਾ ਬੇਹੱਦ ਸ਼ਲਾਘਾਯੋਗ ਅਤੇ ਡਾ. ਅੰਬੇਡਕਰ ਪ੍ਰਤੀ ਸੱਚੀ ਸ਼ਰਧਾ ਦਾ ਜਿਊਂਦਾ ਜਾਗਦਾ ਸਬੂਤ ਹੈ। ਢੋਸੀਵਾਲ ਨੇ ਅੱਗੇ ਕਿਹਾ ਕਿ ਅੰਬੇਡਕਰ ਪਾਰਕ ਵਿੱਚ ਨਾਮ ਨੂੰ ਦਰਸਾਉਂਦੇ ਸ਼ਾਨਦਾਰ ਡਿਸਪਲੇਅ ਬੋਰਡ ਲਗਵਾਏ ਜਾਣਗੇ, ਜਿਨ੍ਹਾਂ ਉਪਰ ਬਾਵਾ ਲਾਲੀ ਪਰਿਵਾਰ ਦਾ ਵਿਸ਼ੇਸ਼ ਤੌਰ ’ਤੇ ਜਿਕਰ ਵੀ ਕੀਤਾ ਜਾਵੇਗਾ। ਬਾਵਾ ਲਾਲੀ ਵੱਲੋਂ ਪਾਰਕ ਨੂੰ ਜਗਾ ਦਿੱਤੇ ਜਾਣ ਦੀ ਖੁਸ਼ੀ ਵਿੱਚ ਉਨ੍ਹਾਂ ਨੂੰ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।