ਅਮਰੀਕਾ ਦੇ ਬੀਚਾਂ ’ਤੇ ਘੁੰਮਣ ਦਾ ਵੱਖਰਾ ਹੀ ਨਜ਼ਾਰਾ ਹੈ। ਹਾਲਾਂਕਿ ਹੁਣ ਕਤਰ ਦੇ ਸ਼ੇਖਾਂ ਦੀ ਕਿਸਮਤ ਚਮਕ ਪਈ ਹੈ। ਕਤਰ ਅਮਰੀਕਾ ਦੇ ਵੀਜ਼ਾ ਛੋਟ ਪ੍ਰੋਗਰਾਮ ਦਾ ਹਿੱਸਾ ਬਣ ਗਿਆ ਹੈ, ਜਿਸ ਦਾ ਮਤਲਬ ਹੈ ਕਿ ਕਤਰ ਦੇ ਨਾਗਰਿਕ ਹੁਣ ਬਿਨਾਂ ਵੀਜੇ ਦੇ ਅਮਰੀਕਾ ਜਾ ਸਕਣਗੇ। ਇਸ ਦੇ ਨਾਲ ਹੀ ਕਤਰ ਦੁਨੀਆ ਦਾ ਦੂਜਾ ਮੁਸਲਿਮ ਬਹੁਗਿਣਤੀ ਵਾਲਾ ਦੇਸ਼ ਬਣ ਗਿਆ ਹੈ ਜੋ ਅਪਣੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ ਅਮਰੀਕਾ ਜਾਣ ਦੀ ਇਜਾਜ਼ਤ ਦੇਣ ਵਾਲੇ ਪ੍ਰੋਗਰਾਮ ਵਿਚ ਸ਼ਾਮਲ ਹੋ ਗਿਆ ਹੈ।
ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਅਨੁਸਾਰ ਸਟੇਟ ਡਿਪਾਰਟਮੈਂਟ ਅਤੇ ਹੋਮਲੈਂਡ ਸਕਿਉਰਿਟੀ ਵਿਭਾਗ ਨੇ ਘੋਸ਼ਣਾ ਕੀਤੀ ਹੈ ਕਿ ਕਤਰ ਨੇ ਵੀਜ਼ਾ ਛੋਟ ਦੇ ਪ੍ਰੋਗਰਾਮ ਲਈ ਸਖ਼ਤ ਮਾਪਦੰਡਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ, ਜਿਸ ਵਿਚ ਵੀਜ਼ਾ ਇਨਕਾਰ ਅਤੇ ਓਵਰਸਟੇਅ ਦੀਆਂ ਦਰਾਂ ਨੂੰ ਘੱਟ ਰਖਣਾ ਸ਼ਾਮਲ ਹੈ। ਇਸ ਵਿਚ ਅਮਰੀਕੀ ਯਾਤਰੀਆਂ ਲਈ ਪਰਸਪਰ ਵਿਵਹਾਰ ਨੂੰ ਯਕੀਨੀ ਬਣਾਉਣਾ ਵੀ ਸ਼ਾਮਲ ਹੈ, ਜੋ 30 ਦਿਨਾਂ ਤਕ ਅਮਰੀਕਾ ਦੀ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ।
ਕਤਰ ਨੇ ਗਾਜ਼ਾ ਵਿਚ ਜੰਗਬੰਦੀ ਦੀ ਗੱਲਬਾਤ ਦੀ ਕੋਸ਼ਿਸ਼ ਵੀ ਕੀਤੀ ਹੈ। ਉਸ ਨੇ ਅਫ਼ਗ਼ਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਦਾ ਸਮਰਥਨ ਕਰਨ ਸਮੇਤ ਅਮਰੀਕੀ ਕੂਟਨੀਤੀ ਵਿਚ ਮੁੱਖ ਭੂਮਿਕਾ ਨਿਭਾਈ ਹੈ। ਇਹ ਹੁਣ ਅਮਰੀਕੀ ਵੀਜ਼ਾ ਤੋਂ ਛੋਟ ਵਾਲੇ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ। ਇਸ ਸੂਚੀ ਵਿੱਚ ਜ਼ਿਆਦਾਤਰ ਦੇਸ ਯੂਰਪ ਅਤੇ ਅਮਰੀਕਾ ਦੇ ਸਹਿਯੋਗੀ ਹਨ। ਅਮਰੀਕਾ ਦੀ ਇਸ ਯੋਜਨਾ ਵਿਚ ਕਤਰ ਤੋਂ ਇਲਾਵਾ ਬਰੂਨੇਈ ਹੀ ਇਕ ਹੋਰ ਮੁਸਲਿਮ ਦੇਸ਼ ਹੈ।
ਕਤਰ ਦੀ ਸਿਰਫ਼ 3 ਮਿਲੀਅਨ ਤੋਂ ਵਧ ਦੀ ਆਬਾਦੀ ਦੇ ਬਾਵਜੂਦ, ਸਿਰਫ 320,000 ਕਤਰਵਾਸੀ ਹੀ ਪ੍ਰੋਗਰਾਮ ਲਈ ਯੋਗ ਹਨ, ਬਸ਼ਰਤੇ ਉਨ੍ਹਾਂ ਕੋਲ ਇਕ ਵੈਧ ਪਾਸਪੋਰਟ ਹੋਵੇ। ਜ਼ਿਆਦਾਤਰ ਵਸਨੀਕ ਵਿਦੇਸ਼ੀ ਕਾਮੇ ਹਨ ਅਤੇ ਕਤਰ ਦੀ ਨਾਗਰਿਕਤਾ ਤੋਂ ਬਿਨਾਂ ਪ੍ਰਵਾਸੀ ਹਨ। ਅਮਰੀਕਾ ਦੇ ਇਸ ਫ਼ੈਸਲੇ ਨਾਲ ਕਤਰ ਦੇ ਨਾਗਰਿਕ ਕਾਰੋਬਾਰ ਲਈ 90 ਦਿਨਾਂ ਤਕ ਅਮਰੀਕਾ ਵਿਚ ਰਹਿ ਸਕਣਗੇ ਜਾਂ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਣਗੇ। ਹਾਲਾਂਕਿ, ਉਨ੍ਹਾਂ ਨੂੰ ਅਜੇ ਵੀ ਇਲੈਕਟ੍ਰਾਨਿਕ ਸਿਸਟਮ ਫਾਰ ਟ੍ਰੈਵਲ ਆਥੋਰਾਈਜੇਸ਼ਨ ਦੁਆਰਾ ਇਲੈਕਟ੍ਰਾਨਿਕ ਪ੍ਰਵਾਨਗੀ ਪ੍ਰਾਪਤ ਕਰਨੀ ਹੋਵੇਗੀ।