
Skip to content

ਜ਼ਮਾਨਤ ਮਿਲਣ ਮਗਰੋਂ ਮਜੀਠੀਆ ਦਾ ਵੱਡਾ ਬਿਆਨ; ਕਿਹਾ- ‘ਰੰਗੇ ਬਿੱਲੇ ਨੂੰ ਕਹਿ ਦਿਓ, ਟਾਈਗਰ ਜਿਊਂਦਾ ਹੈ’
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਤੋਂ ਜ਼ਮਾਨਤ ਮਿਲਣ ਉਪਰੰਤ ਅਕਾਲ ਪੁਰਖ ਵਾਹਿਗੁਰੂ ਅਤੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਅਦਾ ਕਰਦਿਆਂ ਇਸ ਨੂੰ ਸੱਚ, ਸੰਗਤ ਦੀਆਂ ਅਰਦਾਸਾਂ ਅਤੇ ਨਿਆਂ ਦੀ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਆਸੀ ਬਦਲਾਖੋਰੀ ਤਹਿਤ ਉਨ੍ਹਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਅਤੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਦੀ ਕਿਰਪਾ ਅਤੇ ਲੋਕਾਂ ਦੇ ਵਿਸ਼ਵਾਸ ਨੇ ਹਰ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।
ਮਜੀਠੀਆ ਨੇ ਕਿਹਾ ਕਿ ਇਹ ਜਿੱਤ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਵਰਕਰਾਂ, ਨੌਜਵਾਨਾਂ, ਮਾਵਾਂ-ਭੈਣਾਂ ਅਤੇ ਪੰਜਾਬ ਦੇ ਲੋਕਾਂ ਦੀ ਹੈ, ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਸੱਚ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਨੇ ਆਪਣੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਖੇ ਸਮੇਂ ਵਿੱਚ ਵੀ ਉਹ ਡਟੇ ਰਹੇ ਅਤੇ ਨਾ ਡਰੇ, ਨਾ ਝੁਕੇ।
ਉਨ੍ਹਾਂ ਅਦਾਲਤਾਂ ਅਤੇ ਆਪਣੀ ਕਾਨੂੰਨੀ ਟੀਮ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਫ਼ੈਸਲਾ ਸਾਬਤ ਕਰਦਾ ਹੈ ਕਿ ਦੇਰ ਹੋ ਸਕਦੀ ਹੈ, ਪਰ ਨਿਆਂ ਜ਼ਰੂਰ ਮਿਲਦਾ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ, ਗੈਂਗਸਟਰਵਾਦ, ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਸਿਆਸੀ ਧੱਕੇਸ਼ਾਹੀ ਤੋਂ ਮੁਕਤ ਕਰਵਾਉਣ ਦੀ ਲੜਾਈ ਅਜੇ ਜਾਰੀ ਹੈ।
ਆਪਣੇ ਤਿੱਖੇ ਬਿਆਨ ਵਿੱਚ ਮਜੀਠੀਆ ਨੇ ਕਿਹਾ, “ਰੰਗੇ ਬਿੱਲੇ ਨੂੰ ਕਹਿ ਦਿਓ ਕਿ ਟਾਈਗਰ ਜਿਊਂਦਾ ਹੈ, ਮਰਿਆ ਨਹੀਂ। ਨਾ ਅਸੀਂ ਝੁਕੇ ਸੀ, ਨਾ ਝੁਕਾਂਗੇ। ਨਾ ਅਸੀਂ ਡਰੇ ਸੀ, ਨਾ ਡਰਾਂਗੇ। ਸੱਚ ਲਈ ਮੇਰੀ ਆਵਾਜ਼ ਆਖ਼ਰੀ ਸਾਹ ਤੱਕ ਬੁਲੰਦ ਰਹੇਗੀ।”
ਉਨ੍ਹਾਂ ਅਖੀਰ ਵਿੱਚ ਕਿਹਾ ਕਿ “ਸੱਚ ਨੂੰ ਦਬਾਇਆ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ। ਜਿੱਤ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਹੈ।”
Related