ਕਰਜ਼ੇ ਦੇ ਸਿਰ ’ਤੇ ਚੱਲ ਰਹੀ ਪੰਜਾਬ ਸਰਕਾਰ! ਜੂਨ ’ਚ 1,000 ਕਰੋੜ ਦਾ ਹੋਰ ਕਰਜ਼ਾ ਲਵੇਗੀ ਸਰਕਾਰ

ਪੰਜਾਬ ਸਰਕਾਰ ਵਿੱਤੀ ਸਾਲ 2026-27 ਦੌਰਾਨ ਇੱਕ ਵਾਰ ਫਿਰ ਬਾਜ਼ਾਰ ਤੋਂ 1,000 ਕਰੋੜ ਰੁਪਏ ਦਾ ਕਰਜ਼ਾ ਲੈਣ ਜਾ ਰਹੀ ਹੈ। ਇਸ ਨਵੇਂ ਕਰਜ਼ੇ ਨਾਲ ਚਾਲੂ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਸੂਬੇ ਵੱਲੋਂ ਲਿਆ ਗਿਆ ਕੁੱਲ ਕਰਜ਼ਾ 6,300 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਅਪ੍ਰੈਲ ਮਹੀਨੇ ਵਿੱਚ 2,800 ਕਰੋੜ ਰੁਪਏ ਅਤੇ ਮਈ ਵਿੱਚ 2,500 ਕਰੋੜ ਰੁਪਏ ਦਾ ਉਧਾਰ ਲਿਆ ਸੀ।

ਜਾਣਕਾਰੀ ਅਨੁਸਾਰ ਇਹ 1,000 ਕਰੋੜ ਰੁਪਏ ਦਾ ਕਰਜ਼ਾ ਸੱਤ ਸਾਲਾਂ ਦੀ ਮਿਆਦ ਲਈ ਲਿਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਰਕਮ ਦੀ ਵਰਤੋਂ ਪੂੰਜੀ ਖਰਚ, ਵਿਕਾਸ ਕਾਰਜਾਂ ਅਤੇ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਨੂੰ ਲਾਗੂ ਕਰਨ ਲਈ ਕੀਤੀ ਜਾਵੇਗੀ।

ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਕੁੱਲ 43,798.38 ਕਰੋੜ ਰੁਪਏ ਉਧਾਰ ਲੈਣ ਦੀ ਯੋਜਨਾ ਬਣਾਈ ਹੋਈ ਹੈ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਦਾਅਵਾ ਹੈ ਕਿ ਪੰਜਾਬ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਸਾਰੇ ਕਰਜ਼ੇ ਕੇਂਦਰ ਵੱਲੋਂ ਨਿਰਧਾਰਤ ਉਧਾਰ ਸੀਮਾ ਦੇ ਅੰਦਰ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਇੱਕ ਵੱਡੀ ਰਕਮ ਪੁਰਾਣੇ ਕਰਜ਼ਿਆਂ ਦੇ ਮੂਲ ਅਤੇ ਵਿਆਜ ਦੀ ਅਦਾਇਗੀ ਲਈ ਵੀ ਵਰਤੀ ਜਾ ਰਹੀ ਹੈ।

ਇਸੇ ਦਰਮਿਆਨ ਸਰਕਾਰ 1 ਜੁਲਾਈ ਤੋਂ ਆਪਣੀ ਮਹੱਤਵਪੂਰਨ ‘ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ’ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਯੋਜਨਾ ਤਹਿਤ ਆਮ ਵਰਗ ਦੀਆਂ ਔਰਤਾਂ ਨੂੰ ਹਰ ਮਹੀਨੇ 1,000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਮਹੀਨਾਵਾਰ ਭੱਤਾ ਦਿੱਤਾ ਜਾਵੇਗਾ। ਨਵੇਂ ਕਰਜ਼ੇ ਨੂੰ ਇਸ ਯੋਜਨਾ ਸਮੇਤ ਵਿਕਾਸੀ ਕਾਰਜਾਂ ਲਈ ਲੋੜੀਂਦੇ ਵਿੱਤੀ ਪ੍ਰਬੰਧਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।

ਸੂਬੇ ਦੇ ਵਧਦੇ ਕਰਜ਼ੇ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਜਾਰੀ ਰੱਖਣ ਲਈ ਇਹ ਉਧਾਰ ਲੈਣਾ ਜ਼ਰੂਰੀ ਹੈ।