ਮੰਡੀ ਗੋਬਿੰਦਗੜ੍ਹ ਦੇ ਚੰਨਣ ਰਾਮ ਪੈਟਰੋਲ ਪੰਪ ਨੇੜੇ ਫਲਾਈਓਵਰ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੋਰਾਹਾ ਨਿਵਾਸੀ ਅਵਤਾਰ ਸਿੰਘ ਅਤੇ ਜਗਦੇਵ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਖਰਾਬ ਹੋਏ ਟੈਂਪੂ ਨੂੰ ਚਾਲੂ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਤੇਜ਼ ਰਫ਼ਤਾਰ ਅਣਪਛਾਤੀ ਗੱਡੀ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਫਲਾਈਓਵਰ ਤੋਂ ਕਰੀਬ 40 ਫੁੱਟ ਹੇਠਾਂ ਡਿੱਗ ਪਏ ਅਤੇ ਮੌਕੇ ‘ਤੇ ਹੀ ਦਮ ਤੋੜ ਗਏ।

ਹਾਦਸਾ ਅੱਧੀ ਰਾਤ ਕਰੀਬ 12 ਵਜੇ ਵਾਪਰਿਆ। ਜਾਣਕਾਰੀ ਅਨੁਸਾਰ, ਟੈਂਪੂ ਖਰਾਬ ਹੋਣ ਤੋਂ ਬਾਅਦ ਡਰਾਈਵਰ ਨੇ ਆਪਣੇ ਭਰਾ ਨੂੰ ਬੈਟਰੀ ਲਿਆਉਣ ਲਈ ਬੁਲਾਇਆ ਸੀ। ਜਦੋਂ ਦੋਵੇਂ ਭਰਾ ਗੱਡੀ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਇਹ ਦਰਦਨਾਕ ਹਾਦਸਾ ਵਾਪਰ ਗਿਆ। ਖ਼ਾਸ ਗੱਲ ਇਹ ਹੈ ਕਿ ਜਗਦੇਵ ਸਿੰਘ 26 ਜੂਨ ਨੂੰ ਕੈਨੇਡਾ ਜਾਣ ਵਾਲਾ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਘਟਨਾ ਵਾਪਰ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।