ਅਮਿਤ ਨੱਖਵਾਲ : ਭਾਰਤੀ ਜਨਤਾ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਸੋਮਵਾਰ ਨੂੰ ਆਪਣੀ ਜਥੇਬੰਦਕ ਟੀਮ ਦਾ ਐਲਾਨ ਕੀਤਾ ਗਿਆ। ਨਵੀਂ ਟੀਮ ਵਿੱਚ ਪਾਰਟੀ ਦੇ ਰਵਾਇਤੀ ਆਗੂਆਂ ਦੇ ਨਾਲ-ਨਾਲ ਨਵੇਂ ਆਗੂਆਂ ਨੂੰ ਵੀ ਥਾਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਨੂੰ ਵਿਸ਼ੇਸ਼ ਨੁਮਾਇੰਦਗੀ ਦੇਣ ’ਤੇ ਵੀ ਧਿਆਨ ਦਿੱਤਾ ਗਿਆ ਹੈ।

ਨਵੀਂ ਟੀਮ ਵਿੱਚ ਪੰਜਾਬ ਦੇ ਤਿੰਨ ਆਗੂਆਂ—ਮਨਪ੍ਰੀਤ ਸਿੰਘ ਬਾਦਲ, ਤਰੁਣ ਚੁੱਘ ਅਤੇ ਸੰਦੀਪ ਪਾਠਕ—ਨੂੰ ਅਹਿਮ ਜ਼ਿੰਮੇਵਾਰੀਆਂ ਮਿਲੀਆਂ ਹਨ। ਮਨਪ੍ਰੀਤ ਸਿੰਘ ਬਾਦਲ ਨੂੰ 13 ਕੌਮੀ ਮੀਤ ਪ੍ਰਧਾਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਰੁਣ ਚੁੱਘ ਨੂੰ ਭਾਵੇਂ ਕੌਮੀ ਜਨਰਲ ਸਕੱਤਰਾਂ ਵਿੱਚ ਥਾਂ ਨਹੀਂ ਮਿਲੀ, ਪਰ ਕੇਂਦਰੀ ਦਫ਼ਤਰ ਦੇ ਇੰਚਾਰਜ ਵਜੋਂ ਉਨ੍ਹਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ।

ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਕੌਮੀ ਸਕੱਤਰਾਂ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਦੇਖਦਿਆਂ ਭਾਜਪਾ ਵੱਲੋਂ ਉਨ੍ਹਾਂ ਦੀ ਜਥੇਬੰਦਕ ਸਮਰੱਥਾ ਦਾ ਕੌਮੀ ਪੱਧਰ ’ਤੇ ਲਾਭ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ।

ਹਰਿਆਣਾ ਦੇ ਆਗੂ ਸੰਜਯ ਭਾਟੀਆ ਨੂੰ ਵੀ ਕੇਂਦਰੀ ਲੀਡਰਸ਼ਿਪ ਵਿੱਚ ਅਹਿਮ ਸਥਾਨ ’ਤੇ ਬਰਕਰਾਰ ਰੱਖਿਆ ਗਿਆ ਹੈ। ਉਨ੍ਹਾਂ ਦਾ ਪੰਜਾਬੀ ਪਿਛੋਕੜ ਅਤੇ ਹਰਿਆਣਾ ਦੀ ਪੰਜਾਬੀ ਵਸੋਂ ਨਾਲ ਨੇੜਤਾ ਪੰਜਾਬ ਦੀ ਸਿਆਸਤ ਵਿੱਚ ਵੀ ਭਾਜਪਾ ਲਈ ਲਾਹੇਵੰਦ ਮੰਨੀ ਜਾ ਰਹੀ ਹੈ।

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਜੱਟ ਸਿੱਖ ਚਿਹਰੇ ਵਜੋਂ ਅੱਗੇ ਲਿਆਉਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦੀ ਕੌਮੀ ਮੀਤ ਪ੍ਰਧਾਨ ਵਜੋਂ ਨਿਯੁਕਤੀ ਨੂੰ ਵੀ ਪੰਜਾਬ ਦੇ ਮਾਲਵਾ ਖੇਤਰ ਦੀ ਮਹੱਤਤਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਵੱਖ-ਵੱਖ ਸਮਾਜਿਕ ਅਤੇ ਖੇਤਰੀ ਵਰਗਾਂ ਨੂੰ ਨਾਲ ਜੋੜਨ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ।

ਇਸ ਦੇ ਨਾਲ ਹੀ ਪੰਜਾਬ ਭਾਜਪਾ ਦੀਆਂ ਜਥੇਬੰਦਕ ਗਤੀਵਿਧੀਆਂ ਅਤੇ ਜ਼ਿਲ੍ਹਾ ਇਕਾਈਆਂ ਦੇ ਪੁਨਰਗਠਨ ਦੌਰਾਨ ਪੈਦਾ ਹੋਈ ਨਾਰਾਜ਼ਗੀ ਵੀ ਪਾਰਟੀ ਲਈ ਚੁਣੌਤੀ ਬਣੀ ਹੋਈ ਹੈ। ਖਾਸ ਕਰਕੇ ਦੋਆਬੇ ਵਿੱਚ ਉੱਭਰੀ ਨਾਖੁਸ਼ੀ ਕਾਰਨ ਕੇਂਦਰੀ ਲੀਡਰਸ਼ਿਪ ਨੂੰ ਦਖ਼ਲ ਦੇਣਾ ਪਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਦਾ ਪੰਜਾਬ ਭਾਜਪਾ ਦੀ ਅੰਦਰੂਨੀ ਸਿਆਸਤ ’ਤੇ ਕੀ ਪ੍ਰਭਾਵ ਪੈਂਦਾ ਹੈ, ਇਹ ਦੇਖਣਾ ਮਹੱਤਵਪੂਰਨ ਹੋਵੇਗਾ।

ਮਨਪ੍ਰੀਤ ਸਿੰਘ ਬਾਦਲ ਦੀ ਸੰਚਾਰ ਸਮਰੱਥਾ ਅਤੇ ਸਿਆਸੀ ਤਜਰਬੇ ਨੂੰ ਦੇਖਦਿਆਂ ਉਨ੍ਹਾਂ ਤੋਂ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਕੌਮੀ ਲੀਡਰਸ਼ਿਪ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਦੂਜੇ ਪਾਸੇ ਤਰੁਣ ਚੁੱਘ ਦੀ ਲੰਬੇ ਸਮੇਂ ਦੀ ਜਥੇਬੰਦਕ ਭੂਮਿਕਾ ਵੀ ਉਨ੍ਹਾਂ ਨੂੰ ਪਾਰਟੀ ਵਿੱਚ ਵਜ਼ਨਦਾਰ ਬਣਾਉਂਦੀ ਹੈ।

ਕੁੱਲ ਮਿਲਾ ਕੇ ਭਾਜਪਾ ਦੀ ਨਵੀਂ ਕੌਮੀ ਜਥੇਬੰਦਕ ਟੀਮ ਵਿੱਚ ਪੰਜਾਬ ਨੂੰ ਮਿਲੀ ਅਹਿਮੀਅਤ ਨੇ ਸੂਬੇ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਹੁਣ ਇਹ ਸਮਾਂ ਹੀ ਦੱਸੇਗਾ ਕਿ ਕੌਮੀ ਪੱਧਰ ’ਤੇ ਪੰਜਾਬ ਦੇ ਇਨ੍ਹਾਂ ਆਗੂਆਂ ਨੂੰ ਮਿਲੀਆਂ ਜ਼ਿੰਮੇਵਾਰੀਆਂ ਦਾ ਸੂਬੇ ਦੀ ਭਾਜਪਾ ਅਤੇ ਪੰਜਾਬ ਦੀ ਸਿਆਸਤ ਨੂੰ ਕਿੰਨਾ ਲਾਭ ਮਿਲਦਾ ਹੈ।

ਰਿਪੋਰਟ:- ਅਮਿਤ ਨੱਖਵਾਲ