
Skip to content

ਫ਼ਿਰੋਜ਼ਪੁਰ, ਜਤਿੰਦਰ ਪਿੰਕਲ: ਪੰਜਾਬ ਦੇ ਪੰਜ ਜ਼ਿਲ੍ਹਿਆਂ—ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ—ਦੇ ਨੌਜਵਾਨਾਂ ਲਈ ਅਗਨੀਵੀਰ ਭਰਤੀ ਰੈਲੀ 18 ਅਗਸਤ 2026 ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ, ਫ਼ਿਰੋਜ਼ਪੁਰ ਵਿਖੇ ਸ਼ੁਰੂ ਹੋ ਗਈ ਹੈ। ਗੋਲਡਨ ਐਰੋ ਡਿਵੀਜ਼ਨ ਅਤੇ ਵਜਰਾ ਕੋਰ ਦੀ ਅਗਵਾਈ ਹੇਠ ਹੋ ਰਹੀ ਇਸ ਰੈਲੀ ਨੂੰ ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਭਰਤੀ ਰੈਲੀ ਦਾ ਉਦਘਾਟਨ ਮੇਜਰ ਜਨਰਲ ਰਣਜੀਤ ਸਿੰਘ ਮਾਨਰਲ, ਐੱਸ.ਐੱਮ., ਵੀ.ਐੱਸ.ਐੱਮ. ਅਤੇ ਜਨਰਲ ਅਫ਼ਸਰ ਕਮਾਂਡਿੰਗ, ਗੋਲਡਨ ਐਰੋ ਡਿਵੀਜ਼ਨ ਵੱਲੋਂ ਕੀਤਾ ਗਿਆ। ਇਸ ਮੌਕੇ ਫ਼ੌਜ, ਸਿਵਲ ਪ੍ਰਸ਼ਾਸਨ, ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ।
ਲਗਭਗ 10 ਦਿਨ ਚੱਲਣ ਵਾਲੀ ਇਸ ਭਰਤੀ ਰੈਲੀ ਵਿੱਚ 9,000 ਤੋਂ ਵੱਧ ਉਮੀਦਵਾਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਉਮੀਦਵਾਰਾਂ ਦਾ 1.6 ਕਿਲੋਮੀਟਰ ਦੌੜ, ਸਰੀਰਕ ਯੋਗਤਾ ਟੈਸਟ ਅਤੇ ਮੈਡੀਕਲ ਜਾਂਚ ਸਟੇਡੀਅਮ ਵਿਖੇ ਕੀਤੀ ਜਾਵੇਗੀ। ਭਰਤੀ ਵਿੱਚ ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ ਅਤੇ ਟਰੇਡਸਮੈਨ ਦੀਆਂ ਸ਼੍ਰੇਣੀਆਂ ਸ਼ਾਮਲ ਹਨ।
ਫ਼ੌਜ ਵੱਲੋਂ ਕਿਹਾ ਗਿਆ ਕਿ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਯੋਗਤਾ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਕਿਸੇ ਵੀ ਵਿਅਕਤੀ ਵੱਲੋਂ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਅਤੇ ਉਮੀਦਵਾਰਾਂ ਦੀ ਮਿਹਨਤ ਤੇ ਯੋਗਤਾ ਹੀ ਉਨ੍ਹਾਂ ਦੀ ਚੋਣ ਦਾ ਆਧਾਰ ਬਣਦੀ ਹੈ।
ਗੋਲਡਨ ਐਰੋ ਡਿਵੀਜ਼ਨ ਨੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈਲੀ ਲਈ ਵਿਆਪਕ ਪ੍ਰਬੰਧ ਕੀਤੇ ਹਨ। ਫ਼ੌਜ ਅਨੁਸਾਰ ਇਹ ਭਰਤੀ ਰੈਲੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਦੇਸ਼ ਸੇਵਾ ਵੱਲ ਪ੍ਰੇਰਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
Related