ਇੱਕ ਡਰੋਨ, ਮੋਬਾਈਲ ਫ਼ੋਨ, ਸਿਮ ਕਾਰਡ ਅਤੇ 100 ਜ਼ਿੰਦਾ ਕਾਰਤੂਸ ਵੀ ਮਿਲੇ

ਅੰਮ੍ਰਿਤਸਰ (ਅਮਿਤ ਨੱਖਵਾਲ): ਅੰਮ੍ਰਿਤਸਰ ਦੇ ਸਰਹੱਦੀ ਦਿਹਾਤੀ ਇਲਾਕੇ ਵਿੱਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਦੋ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਕਾਰਵਾਈ ਦੌਰਾਨ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਦੌਰਾਨ 5 ਕਿਲੋ 152 ਗ੍ਰਾਮ ਹੈਰੋਇਨ, ਇੱਕ ਡਰੋਨ, ਇੱਕ ਮੋਬਾਈਲ ਫ਼ੋਨ, ਸਿਮ ਕਾਰਡ ਅਤੇ 9 ਐੱਮ.ਐੱਮ. ਦੇ 100 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦੋਵਾਂ ਮਾਮਲਿਆਂ ਵਿੱਚ ਥਾਣਾ ਭਿੰਡੀ ਸੈਦਾਂ ਵਿਖੇ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਹਾਲਾਂਕਿ, ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਪਛਾਣ ਸਾਹਮਣੇ ਨਹੀਂ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਪਹਿਲੀ ਕਾਰਵਾਈ ਦੌਰਾਨ ਬੀ.ਐੱਸ.ਐੱਫ. ਦੀ ਫਤਿਹਪੁਰ ਚੌਕੀ ਦੀ ਟੀਮ ਨੇ ਪਿੰਡ ਅਵਾਣ ਲੱਖਾ ਸਿੰਘ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਟੀਮ ਨੂੰ 5 ਕਿਲੋ 152 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਇੱਕ ਵੀਵੋ ਕੰਪਨੀ ਦਾ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਵੀ ਮਿਲਿਆ। ਇਸ ਸਬੰਧੀ ਥਾਣਾ ਭਿੰਡੀ ਸੈਦਾਂ ਵਿੱਚ ਮੁਕੱਦਮਾ ਨੰਬਰ 181 ਦਰਜ ਕਰਕੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸੇ ਤਰ੍ਹਾਂ ਦੂਜੀ ਕਾਰਵਾਈ ਵਿੱਚ ਬੀ.ਐੱਸ.ਐੱਫ. ਦੀ ਸ਼ੇਰਪੁਰ ਚੌਕੀ ਦੀ ਟੀਮ ਵੱਲੋਂ ਆਪਣੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇੱਕ ਡਰੋਨ, ਐਲੂਮੀਨੀਅਮ ਦੀ ਇੱਕ ਪੱਟੀ ਅਤੇ 9 ਐੱਮ.ਐੱਮ. ਦੇ 100 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਮਾਮਲੇ ਵਿੱਚ ਵੀ ਥਾਣਾ ਭਿੰਡੀ ਸੈਦਾਂ ਵਿਖੇ ਮੁਕੱਦਮਾ ਨੰਬਰ 182 ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਆਰਮਜ਼ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਦੋਵਾਂ ਮਾਮਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਗਏ ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਹੋਰ ਸਾਮਾਨ ਦੇ ਆਧਾਰ ’ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ੀਲੇ ਪਦਾਰਥਾਂ, ਡਰੋਨ ਅਤੇ ਕਾਰਤੂਸਾਂ ਨੂੰ ਸਰਹੱਦੀ ਇਲਾਕੇ ਵਿੱਚ ਕੌਣ ਪਹੁੰਚਾ ਕੇ ਗਿਆ ਸੀ ਅਤੇ ਇਸ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ।

ਰਿਪੋਰਟ : ਅਮਿਤ ਨੱਖਵਾਲ