ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਬਹੁਚਰਚਿਤ ਕਿਤਾਬ ‘ਬਿਲੌਂਗਿੰਗ : ਏ ਜਰਨੀ ਆਫ਼ ਲਵ’ ਅੱਜ ਬਿਨਾਂ ਕਿਸੇ ਰਸਮੀ ਲਾਂਚ ਸਮਾਗਮ ਦੇ ਬਾਜ਼ਾਰ ਵਿੱਚ ਵਿਕਰੀ ਲਈ ਉਪਲਬਧ ਹੋ ਗਈ ਹੈ। ਸੋਨੀਆ ਗਾਂਧੀ ਨੇ ਇਸ ਕਿਤਾਬ ਨੂੰ ਆਪਣੀ ਨਿੱਜੀ ਜ਼ਿੰਦਗੀ ਦੀ ਕਹਾਣੀ ਦੱਸਦਿਆਂ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਸਿਆਸੀ ਕਿਤਾਬ ਨਹੀਂ ਹੈ।
ਸੋਨੀਆ ਗਾਂਧੀ ਨੇ 24 ਅਕਤੂਬਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਕਿਤਾਬ ਆਉਣ ਤੋਂ ਬਾਅਦ ਕੁਝ ਨਾ ਕੁਝ ‘ਤਮਾਸ਼ਾ’ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ, “ਦਹਾਕਿਆਂ ਤੋਂ ਲੋਕ ਮੇਰੀ ਕਹਾਣੀ ਸੁਣਾਉਂਦੇ ਆ ਰਹੇ ਹਨ, ਪਰ ਹੁਣ ਆਪਣੀ ਕਹਾਣੀ ਖੁਦ ਸੁਣਾਉਣ ਦੀ ਵਾਰੀ ਮੇਰੀ ਹੈ।”
ਹਾਰਪਰਕੋਲਿਨਜ਼ ਇੰਡੀਆ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਸੋਨੀਆ ਗਾਂਧੀ ਨੇ ਆਪਣੀ ਜ਼ਿੰਦਗੀ ਦੇ ਕਈ ਅਹਿਮ ਅਤੇ ਭਾਵੁਕ ਪਲਾਂ ਦਾ ਜ਼ਿਕਰ ਕੀਤਾ ਹੈ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ, ਪਰਿਵਾਰ ਨਾਲ ਵਾਪਰੀਆਂ ਦੁਖਦਾਈ ਘਟਨਾਵਾਂ ਅਤੇ ਸਾਲ 2004 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਨਾ ਕਰਨ ਦੇ ਫੈਸਲੇ ਨਾਲ ਜੁੜੀਆਂ ਯਾਦਾਂ ਸ਼ਾਮਲ ਹਨ।
ਇਸ ਕਿਤਾਬ ਰਾਹੀਂ ਸੋਨੀਆ ਗਾਂਧੀ ਨੇ ਆਪਣੀ ਨਿੱਜੀ ਜ਼ਿੰਦਗੀ, ਪਰਿਵਾਰਕ ਰਿਸ਼ਤਿਆਂ ਅਤੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਪਾਠਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਕਿਤਾਬ ਵਿੱਚ 2004 ਦੇ ਅਹਿਮ ਸਿਆਸੀ ਘਟਨਾਕ੍ਰਮ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਸੋਨੀਆ ਗਾਂਧੀ ਦੀ ਇਸ ਕਿਤਾਬ ਨੂੰ ਲੈ ਕੇ ਸਿਆਸੀ ਹਲਕਿਆਂ ਅਤੇ ਪਾਠਕਾਂ ਵਿੱਚ ਦਿਲਚਸਪੀ ਦੇਖਣ ਨੂੰ ਮਿਲ ਸਕਦੀ ਹੈ, ਖ਼ਾਸ ਕਰਕੇ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾਉਣ ਦੇ ਫੈਸਲੇ ਨਾਲ ਜੁੜੇ ਖੁਲਾਸਿਆਂ ਨੂੰ ਲੈ ਕੇ।
Related