ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ

    ਭੋਗਪੁਰ(ਬਿਉਰੋ): ਜ਼ਿਲ੍ਹੇ ਦੇ ਬੱਸ ਸਟੈਂਡ ਦੇ ਬਾਹਰ ਬੱਸ ਅਤੇ ਐਕਟਿਵਾ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਰਦਨਾਕ ਹਾਦਸੇ ਵਿੱਚ ਇੱਕ 70 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡੱਲੀ ਦਾ ਇੱਕ ਬਜ਼ੁਰਗ ਵਿਅਕਤੀ ਐਕਟਿਵਾ ’ਤੇ ਸਵਾਰ ਹੋ ਕੇ ਸਰਵਿਸ ਲੇਨ ਤੋਂ ਭੋਗਪੁਰ ਵੱਲ ਆ ਰਿਹਾ ਸੀ। ਇਸ ਦੌਰਾਨ ਪੀ.ਆਰ.ਟੀ.ਸੀ ਦੀ ਬੱਸ ਨੇ ਪਟਿਆਲਾ ਡਿਪੂ ਦੇ ਭੋਗਪੁਰ ਨਵੇਂ ਬਣੇ ਬੱਸ ਸਟੈਂਡ ਤੋਂ ਮੁੜਨ ਲੱਗੀ। ਇਸ ਦੌਰਾਨ ਸਰਵਿਸ ਲੇਨ ਤੋਂ ਆ ਰਹੇ ਐਕਟਿਵਾ ਸਵਾਰ ਨੂੰ ਬੱਸ ਨੇਂ ਹੇਠਾਂ ਕੁਚਲ ਦਿੱਤਾ। ਹਾਦਸੇ ‘ਚ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੱਸ ਡਰਾਈਵਰ ਬੱਸ ਛੱਡ ਕੇ ਫਰਾਰ ਹੋ ਗਿਆ। ਥਾਣਾ ਭੋਗਪੁਰ ਦੇ ਏਐਸਆਈ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।