
Skip to content

ਕੈਲਗਰੀ: ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ, ਖ਼ਾਸ ਕਰਕੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ (ਐਕਸਟੌਰਸ਼ਨ) ਦੇ ਮਾਮਲਿਆਂ ਖ਼ਿਲਾਫ਼ ਕੈਲਗਰੀ ਪੁਲੀਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲੀਸ ਨੇ ਇਸ ਗਿਰੋਹ ਨਾਲ ਸਬੰਧਿਤ 16 ਮੁਲਜ਼ਮਾਂ ਦੀਆਂ ਤਸਵੀਰਾਂ ਅਤੇ ਪਛਾਣ ਜਨਤਕ ਕਰਦਿਆਂ ਲੋਕਾਂ ਤੋਂ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।
ਕੈਲਗਰੀ ਪੁਲੀਸ ਦੇ ਸੁਪਰਡੈਂਟ ਜੈੱਫ ਬੈੱਲ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਈ ਮੁਲਜ਼ਮ ਭਾਈਚਾਰੇ ਵਿੱਚ ਵੱਖ-ਵੱਖ ਨਾਮਾਂ ਜਾਂ ਉਪਨਾਮਾਂ ਦੀ ਵਰਤੋਂ ਕਰਦੇ ਸਨ। ਕੁਝ ਕੋਲ ਵੱਖ-ਵੱਖ ਦੇਸ਼ਾਂ ਦੇ ਦਸਤਾਵੇਜ਼ ਹੋਣ ਕਾਰਨ ਉਨ੍ਹਾਂ ਦੀ ਅਸਲ ਪਛਾਣ ਲੁਕਾਈ ਗਈ ਸੀ। ਪੁਲੀਸ ਨੇ ਕਿਹਾ ਕਿ ਜਾਰੀ ਕੀਤੀਆਂ ਤਸਵੀਰਾਂ ਵਿੱਚੋਂ ਕਿਸੇ ਵੀ ਵਿਅਕਤੀ ਬਾਰੇ ਜਾਣਕਾਰੀ ਹੋਣ ‘ਤੇ ਤੁਰੰਤ ਸੰਪਰਕ ਕੀਤਾ ਜਾਵੇ।
ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਜਰਨੈਲ ਸਿੰਘ, ਸ਼ਮਸ਼ੇਰ ਸਿੰਘ (ਜੋਸ਼ੀ), ਕਰਨਬੀਰ ਸਿੰਘ, ਅਮਨਦੀਪ ਸਿੰਘ (ਸਿੱਧੂ), ਅਨੁਰਾਗ ਸਿੰਘ, ਤੇਜਿੰਦਰ ਸਿੰਘ, ਅਰਸ਼ਦੀਪ ਮੱਲ੍ਹੀ, ਹਰਮਨ ਗਿੱਲ, ਸੰਦੀਪ ਸਿੰਘ, ਦਕਸ਼ ਗੌਤਮ, ਆਕਾਸ਼ਦੀਪ ਸਿੰਘ, ਗਗਨਦੀਪ ਸਿੰਘ ਗੱਗੀ, ਪਰਵਿੰਦਰ ਸਿੰਘ, ਤਰਨ ਵੀਰ ਸਿੰਘ ਅਤੇ ਗੁਰ ਕਿਰਨ ਧਾਲੀਵਾਲ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤੇ ਗਏ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਅਪ੍ਰੈਲ 2025 ਤੋਂ ਹੁਣ ਤੱਕ ਕੈਲਗਰੀ ਵਿੱਚ ਜਬਰੀ ਵਸੂਲੀ ਨਾਲ ਸਬੰਧਿਤ 49 ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚੋਂ 19 ਮਾਮਲਿਆਂ ਵਿੱਚ ਘਰਾਂ, ਕਾਰੋਬਾਰੀ ਅਦਾਰਿਆਂ ਜਾਂ ਵਾਹਨਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਸਾਲ 2026 ਦੇ ਪਹਿਲੇ 60 ਦਿਨਾਂ ਵਿੱਚ ਹੀ ਅਜਿਹੀਆਂ 9 ਗੋਲੀਬਾਰੀ ਦੀਆਂ ਵਾਰਦਾਤਾਂ ਦਰਜ ਹੋਈਆਂ। ਹੁਣ ਤੱਕ ਇਸ ਮਾਮਲੇ ਵਿੱਚ 16 ਵਿਅਕਤੀਆਂ ਵਿਰੁੱਧ ਕੁੱਲ 56 ਅਪਰਾਧਿਕ ਦੋਸ਼ ਆਇਦ ਕੀਤੇ ਜਾ ਚੁੱਕੇ ਹਨ।
ਜਾਂਚ ਅਧਿਕਾਰੀਆਂ ਅਨੁਸਾਰ, ਮੁਲਜ਼ਮ ਸੋਸ਼ਲ ਮੀਡੀਆ, ਫ਼ੋਨ ਕਾਲਾਂ ਅਤੇ ਹੋਰ ਆਨਲਾਈਨ ਮਾਧਿਅਮਾਂ ਰਾਹੀਂ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਫਿਰੌਤੀ ਦੀ ਮੰਗ ਕਰਦੇ ਸਨ। ਪੈਸੇ ਨਾ ਦੇਣ ‘ਤੇ ਅਗਵਾ, ਹਥਿਆਰਾਂ ਦੀ ਨੋਕ ‘ਤੇ ਧਮਕਾਉਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਹਿੰਸਕ ਕਾਰਵਾਈਆਂ ਕੀਤੀਆਂ ਜਾਂਦੀਆਂ ਸਨ।
ਇਸ ਗਿਰੋਹ ਦੀ ਜਾਂਚ ਲਈ ਕੈਲਗਰੀ ਪੁਲੀਸ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਪੁਲੀਸ ਨੇ ਪੀੜਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਫਿਰੌਤੀ ਦੀ ਰਕਮ ਨਾ ਦੇਣ, ਸਗੋਂ ਧਮਕੀਆਂ ਦੇ ਸਬੂਤ ਸੰਭਾਲ ਕੇ ਤੁਰੰਤ ਪੁਲੀਸ ਨਾਲ ਸੰਪਰਕ ਕਰਨ। ਪੁਲੀਸ ਦਾ ਕਹਿਣਾ ਹੈ ਕਿ ਇਸ ਗਿਰੋਹ ਦਾ ਪੂਰੀ ਤਰ੍ਹਾਂ ਖ਼ਾਤਮਾ ਹੋਣ ਤੱਕ ਕਾਰਵਾਈ ਜਾਰੀ ਰਹੇਗੀ।

Related