ਪਟਿਆਲਾ (ਅਰਸ਼ਦੀਪ ਸਿੰਘ ਕਾਲੜਾ)   :- ਆਪਣੇ ਆਪ ਨੂੰ ਪੱਤਰਕਾਰ ਦੱਸਣ ਵਾਲੇ ਗਗਨਦੀਪ ਸਿੰਘ ਉਰਫ਼ ਸੋਨੂੰ ਮਾਸਟਰ ਨੂੰ ਮੋਹਾਲੀ ਅਦਾਲਤ ਤੋਂ ਬਾਅਦ ਹੁਣ ਪਟਿਆਲਾ ਅਦਾਲਤ ਨੇ ਵੀ ਭਗੌੜਾ ਐਲਾਨ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ, ਸਾਲ 2023 ਵਿੱਚ ਵਿਜੀਲੈਂਸ ਬਿਊਰੋ ਨੇ ਸਬ ਇੰਸਪੈਕਟਰ ਕੁਲਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਗਗਨਦੀਪ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਸੀ। ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ ਮੁਲਜ਼ਮ ਨੇ ਵਿਜੀਲੈਂਸ ਦਫ਼ਤਰ ਪਟਿਆਲਾ ਵਿੱਚ ਦਰਜ ਸ਼ਿਕਾਇਤ ਨੂੰ ਮਨਜ਼ੂਰੀ ਦਿਵਾਉਣ ਦੇ ਨਾਂ ‘ਤੇ 50 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਸੀ, ਜਦਕਿ ਇਸ ਤੋਂ ਪਹਿਲਾਂ ਉਹ ਉਸ ਤੋਂ 5 ਲੱਖ ਰੁਪਏ ਵੀ ਲੈ ਚੁੱਕਾ ਸੀ।

ਇਸ ਤੋਂ ਪਹਿਲਾਂ ਮੋਹਾਲੀ ਅਦਾਲਤ ਵੱਲੋਂ 10 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਵੀ ਗਗਨਦੀਪ ਸਿੰਘ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ।

ਸੂਤਰਾਂ ਮੁਤਾਬਕ, ਗਗਨਦੀਪ ਸਿੰਘ ਇਸ ਸਮੇਂ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਹੈ। ਪਟਿਆਲਾ ਅਦਾਲਤ ਵੱਲੋਂ ਭਗੌੜਾ ਐਲਾਨੇ ਜਾਣ ਨਾਲ ਉਸ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਵੱਧ ਗਈਆਂ ਹਨ।