ਟੋਰਾਂਟੋ ‘ਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦਾ ਦਿਨ-ਦਿਹਾੜੇ ਕਤਲ, ਪਰਿਵਾਰ ਨੇ ਕੈਨੇਡਾ ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ

ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ) :- ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ ਰਹਿਣ ਵਾਲੀ 26 ਸਾਲਾ ਨਵਨੀਤ ਕੌਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਨਾਲ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇਹ ਘਟਨਾ ਇਕਤਰਫ਼ਾ ਪਿਆਰ ਦੇ ਮਾਮਲੇ ਦਾ ਨਤੀਜਾ ਹੈ ਅਤੇ ਨਵਨੀਤ ਵੱਲੋਂ ਪਹਿਲਾਂ ਹੀ ਕੈਨੇਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਇਸ ਦੇ ਬਾਵਜੂਦ ਉਸ ਨੂੰ ਇਨਸਾਫ਼ ਅਤੇ ਸੁਰੱਖਿਆ ਨਹੀਂ ਮਿਲੀ।

ਨਵਨੀਤ ਦੇ ਪਿਤਾ ਹਰਭਜਨ ਸਿੰਘ ਅਤੇ ਚਾਚਾ ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਵਨੀਤ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਅਤੇ ਫਿਰ ਸਥਾਈ ਨਿਵਾਸ (PR) ਮਿਲ ਗਿਆ ਸੀ। ਉਹ ਟੋਰਾਂਟੋ ਵਿੱਚ ਇੱਕ ਬੈਂਕ ਵਿੱਚ ਨੌਕਰੀ ਕਰ ਰਹੀ ਸੀ। ਪਰਿਵਾਰ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਹੀ ਉਹ ਚਾਰ ਸਾਲਾਂ ਬਾਅਦ ਅੰਮ੍ਰਿਤਸਰ ਆਈ ਸੀ, ਜਿੱਥੇ 27 ਜੂਨ ਨੂੰ ਉਸ ਨੇ ਅੰਮ੍ਰਿਤ ਛਕਿਆ ਅਤੇ 29 ਜੂਨ ਨੂੰ ਵਾਪਸ ਕੈਨੇਡਾ ਚਲੀ ਗਈ ਸੀ।

ਪਰਿਵਾਰ ਦਾ ਦੋਸ਼ ਹੈ ਕਿ ਕੋਟਕਪੂਰਾ ਨਾਲ ਸਬੰਧਤ ਸ਼ਰਨਜੀਤ ਨਾਮਕ ਨੌਜਵਾਨ ਕਾਫ਼ੀ ਸਮੇਂ ਤੋਂ ਨਵਨੀਤ ਨੂੰ ਲਗਾਤਾਰ ਤੰਗ ਕਰ ਰਿਹਾ ਸੀ। ਉਹ ਫੋਨ ਕਰਦਾ, ਉਸ ਦਾ ਪਿੱਛਾ ਕਰਦਾ ਅਤੇ ਉਸ ਦੇ ਕੰਮ ਵਾਲੀ ਥਾਂ ਤੱਕ ਪਹੁੰਚ ਜਾਂਦਾ ਸੀ। ਇਸ ਤੋਂ ਤੰਗ ਆ ਕੇ ਨਵਨੀਤ ਨੇ ਕੈਨੇਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਅਤੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ। ਪਰਿਵਾਰ ਅਨੁਸਾਰ ਨਵਨੀਤ ਨੇ ਆਪਣਾ ਮੋਬਾਈਲ ਨੰਬਰ ਅਤੇ ਰਹਿਣ ਦਾ ਪਤਾ ਵੀ ਬਦਲ ਲਿਆ ਸੀ, ਪਰ ਫਿਰ ਵੀ ਮੁਲਜ਼ਮ ਉਸ ਤੱਕ ਪਹੁੰਚ ਗਿਆ।

ਚਾਚਾ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਰਨਜੀਤ ਦੇ ਪਰਿਵਾਰ ਨਾਲ ਵੀ ਕਈ ਵਾਰ ਗੱਲਬਾਤ ਕੀਤੀ ਸੀ। ਉਸ ਦੀ ਪਤਨੀ ਅਤੇ ਭਰਾ ਨੇ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ ਨਵਨੀਤ ਨੂੰ ਤੰਗ ਨਹੀਂ ਕਰਨ ਦੇਣਗੇ, ਪਰ ਇਸ ਦੇ ਬਾਵਜੂਦ ਉਹ ਕਥਿਤ ਤੌਰ ‘ਤੇ ਧਮਕੀਆਂ ਦਿੰਦਾ ਰਿਹਾ ਅਤੇ ਨਵਨੀਤ ਸਮੇਤ ਪੂਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਦਾ ਸੀ।

ਪਰਿਵਾਰ ਮੁਤਾਬਕ ਘਟਨਾ ਵਾਲੇ ਦਿਨ ਸਵੇਰੇ ਕਰੀਬ 7:30 ਵਜੇ ਨਵਨੀਤ ਬੈਂਕ ਜਾਣ ਲਈ ਬੱਸ ਸਟਾਪ ‘ਤੇ ਖੜ੍ਹੀ ਸੀ ਅਤੇ ਆਪਣੇ ਭਰਾ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਉਸ ਨੇ ਕਿਹਾ, “ਸ਼ਰਨ ਆ ਗਿਆ ਹੈ” ਅਤੇ ਪੁੱਛਿਆ ਕਿ ਉਹ ਉੱਥੇ ਕਿਉਂ ਆਇਆ ਹੈ। ਕੁਝ ਹੀ ਪਲਾਂ ਬਾਅਦ ਫੋਨ ਅਚਾਨਕ ਕੱਟ ਗਿਆ ਅਤੇ ਬਾਅਦ ਵਿੱਚ ਪਰਿਵਾਰ ਨੂੰ ਨਵਨੀਤ ਦੀ ਹੱਤਿਆ ਦੀ ਦੁਖਦਾਈ ਖ਼ਬਰ ਮਿਲੀ।

ਪੀੜਤ ਪਰਿਵਾਰ ਨੇ ਕੈਨੇਡਾ ਪੁਲਿਸ ਦੀ ਕਾਰਵਾਈ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਪਹਿਲਾਂ ਹੀ ਸ਼ਿਕਾਇਤ ਦਰਜ ਸੀ ਅਤੇ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ ਤਾਂ ਮੁਲਜ਼ਮ ਖੁੱਲ੍ਹੇਆਮ ਕਿਵੇਂ ਘੁੰਮ ਰਿਹਾ ਸੀ ਅਤੇ ਉਸ ਕੋਲ ਹਥਿਆਰ ਕਿਵੇਂ ਪਹੁੰਚਿਆ। ਪਰਿਵਾਰ ਨੇ ਕੈਨੇਡਾ ਸਰਕਾਰ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ, ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਅਤੇ ਭਾਰਤ ਸਰਕਾਰ ਤੋਂ ਨਵਨੀਤ ਦੀ ਮ੍ਰਿਤਕ ਦੇਹ ਜਲਦੀ ਭਾਰਤ ਲਿਆਉਣ ਲਈ ਦਖ਼ਲ ਦੀ ਮੰਗ ਕੀਤੀ ਹੈ। ਨਾਲ ਹੀ, ਪਰਿਵਾਰ ਨੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਹੈ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ।