
Skip to content

ਚੰਡੀਗੜ੍ਹ ‘ਚ ‘ਵਾਰਿਸ ਪੰਜਾਬ ਦੇ’ ਅਤੇ ਹੋਰ ਆਗੂਆਂ ਖ਼ਿਲਾਫ਼ ਕੇਸ ਦਰਜ, ਪੁਲਿਸ ਨਾਲ ਝੜਪ ਮਗਰੋਂ ਕਾਰਵਾਈ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਚੰਡੀਗੜ੍ਹ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਝੜਪ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਹੇਠ ‘ਵਾਰਿਸ ਪੰਜਾਬ ਦੇ’ ਨਾਲ ਸਬੰਧਤ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕੇਸ ਸੈਕਟਰ-49 ਥਾਣੇ ਵਿੱਚ ਦਰਜ ਕੀਤਾ ਗਿਆ ਹੈ।
ਪੁਲਿਸ ਦੇ ਅਨੁਸਾਰ 29 ਜੁਲਾਈ ਨੂੰ ਦੁਪਹਿਰ ਕਰੀਬ 1 ਵਜੇ ਸੈਕਟਰ 50/51/44/45 ਚੌਂਕ ਵਿੱਚ 2500 ਤੋਂ 3000 ਦੇ ਕਰੀਬ ਪ੍ਰਦਰਸ਼ਨਕਾਰੀ ਇਕੱਠੇ ਹੋਏ। ਦਾਅਵਾ ਕੀਤਾ ਗਿਆ ਹੈ ਕਿ ਕਈ ਲੋਕ ਹੱਥਾਂ ਵਿੱਚ ਤਲਵਾਰਾਂ, ਫਰਸੇ, ਕੁਹਾੜੀਆਂ, ਨੇਜ਼ੇ ਅਤੇ ਪੋਸਟਰ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਓ ਕਰਨ ਦਾ ਐਲਾਨ ਕਰ ਰਹੇ ਸਨ।
ਪੁਲਿਸ ਮੁਤਾਬਕ ਮੌਕੇ ‘ਤੇ ਮੌਜੂਦ ਸੀਨੀਅਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਕਿ ਇਲਾਕੇ ਵਿੱਚ ਧਾਰਾ 163 (BNSS) ਲਾਗੂ ਹੈ ਅਤੇ ਬਿਨਾਂ ਮਨਜ਼ੂਰੀ ਪ੍ਰਦਰਸ਼ਨ ਕਰਨਾ ਕਾਨੂੰਨ ਦੇ ਉਲਟ ਹੈ। ਉਨ੍ਹਾਂ ਨੂੰ ਸੈਕਟਰ-25 ਦੇ ਰੈਲੀ ਗਰਾਊਂਡ ਵਿੱਚ ਧਰਨਾ ਦੇਣ ਦੀ ਸਲਾਹ ਵੀ ਦਿੱਤੀ ਗਈ, ਪਰ ਪੁਲਿਸ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀ ਨਾ ਮੰਨੇ ਅਤੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਦੀ ਮਨਜ਼ੂਰੀ ਨਾਲ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਵਾਟਰ ਕੈਨਨ ਅਤੇ ਹਲਕੇ ਬਲ ਦੀ ਵਰਤੋਂ ਕੀਤੀ। ਇਸ ਦੌਰਾਨ ਪੁਲਿਸ ਦਾ ਦੋਸ਼ ਹੈ ਕਿ ਕੁਝ ਪ੍ਰਦਰਸ਼ਨਕਾਰੀ ਵਾਟਰ ਕੈਨਨ ਗੱਡੀ ‘ਤੇ ਚੜ੍ਹ ਗਏ ਅਤੇ ਉਸ ਦੀ ਨੋਜ਼ਲ ਤੋੜ ਦਿੱਤੀ। ਇਸ ਘਟਨਾ ਵਿੱਚ ਵਾਟਰ ਕੈਨਨ ਦੇ ਡਰਾਈਵਰ ਏਐੱਸਆਈ ਗੁਰਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜੀਐੱਮਐੱਸਐੱਚ ਸੈਕਟਰ-16 ਵਿੱਚ ਦਾਖ਼ਲ ਕਰਵਾਇਆ ਗਿਆ। ਕਈ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗਣ ਦੀ ਗੱਲ ਕਹੀ ਗਈ ਹੈ।
ਐੱਫਆਈਆਰ ਵਿੱਚ ਕਰੀਬ 15 ਪ੍ਰਮੁੱਖ ਆਗੂਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਤਿੰਦਰਜੀਤ ਸਿੰਘ ਗਿੱਲ, ਕਬਲ ਸਿੰਘ ਭੁੱਲਰ, ਜਗਦੀਪ ਸਿੰਘ ਕੰਸਾਲਾ, ਇਕਬਾਲ ਸਿੰਘ ਸੰਧੂ, ਪਰਮਜੀਤ ਸਿੰਘ ਜੋਹਲ, ਸਾਬਕਾ ਵਿਧਾਇਕ ਅਜੈਬ ਸਿੰਘ ਮਖਮੈਲਪੁਰ, ਚਮਕੌਰ ਸਿੰਘ ਧੁੰਨ, ਐਡਵੋਕੇਟ ਇਮਾਨ ਸਿੰਘ ਖ਼ਾਰਾ, ਜਸਵਿੰਦਰ ਸਿੰਘ ਦ੍ਰੋਲੀ, ਇਕਬਾਲ ਸਿੰਘ ਝੂੰਦਾ, ਕਰਨੈਲ ਸਿੰਘ ਪੰਜੋਲੀ, ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਲਖਵੀਰ ਸਿੰਘ ਲੱਖਾ ਦੇ ਨਾਮ ਦਰਜ ਹਨ।
ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਇ ਸੰਹਿਤਾ (BNS), 2023 ਦੀਆਂ ਧਾਰਾਵਾਂ 121(1), 132 ਅਤੇ 223 ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਇਸ ਮਾਮਲੇ ਸਬੰਧੀ ਪ੍ਰਦਰਸ਼ਨਕਾਰੀਆਂ ਜਾਂ ਨਾਮਜ਼ਦ ਆਗੂਆਂ ਦਾ ਪੱਖ ਸਾਹਮਣੇ ਆਉਣਾ ਬਾਕੀ ਹੈ।

Related