
Skip to content

ਕਿਊਬੈੱਕ (ਅਰਸ਼ਦੀਪ ਸਿੰਘ ਕਾਲੜਾ) : ਕੈਨੇਡਾ ਵਿੱਚ ਪੰਜਾਬੀ ਮੂਲ ਦੇ 29 ਸਾਲਾ ਟਰੱਕ ਡਰਾਈਵਰ ਬਲਜੀਤ ਸਿੰਘ ਨੂੰ ਸੜਕ ਹਾਦਸੇ ਦੇ ਮਾਮਲੇ ਵਿੱਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 2022 ਵਿੱਚ ਹੋਏ ਇਸ ਹਾਦਸੇ ਦੌਰਾਨ ਬਲਜੀਤ ਸਿੰਘ ਖ਼ਤਰਨਾਕ ਢੰਗ ਨਾਲ ਟਰੱਕ ਚਲਾ ਰਿਹਾ ਸੀ। ਹਾਦਸੇ ਵਿੱਚ 42 ਸਾਲਾ ਨੈਂਸੀ ਲੈਫਰਾਂਸਵਾ ਅਤੇ ਉਸ ਦੇ 11 ਸਾਲਾ ਪੁੱਤਰ ਲੋਇਕ ਦੀ ਮੌਤ ਹੋ ਗਈ ਸੀ, ਜਦਕਿ 10 ਹੋਰ ਲੋਕ ਜ਼ਖ਼ਮੀ ਹੋਏ ਸਨ।
ਅਦਾਲਤ ਵਿੱਚ ਪੇਸ਼ ਕੀਤੇ ਸਬੂਤਾਂ ਮੁਤਾਬਕ ਹਾਦਸੇ ਦੇ ਸਮੇਂ ਬਲਜੀਤ ਸਿੰਘ ਆਪਣੇ ਮੋਬਾਈਲ ਫੋਨ ’ਤੇ ਆਨਲਾਈਨ ਗੇਮ ਖੇਡ ਰਿਹਾ ਸੀ। ਉਸ ਨੇ ਅਪਰੈਲ ਵਿੱਚ ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਹੋਣ ਦੇ ਦੋਸ਼ ਨੂੰ ਕਬੂਲ ਕਰ ਲਿਆ ਸੀ।
ਇਸ ਮਾਮਲੇ ਵਿੱਚ ਸਰਕਾਰੀ ਵਕੀਲ ਅਤੇ ਬਚਾਅ ਪੱਖ ਵੱਲੋਂ ਸਾਂਝੀ ਸਜ਼ਾ ਦੀ ਸਿਫ਼ਾਰਸ਼ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਅਦਾਲਤ ਨੇ ਬਲਜੀਤ ਸਿੰਘ ’ਤੇ 10 ਸਾਲ ਤੱਕ ਵਾਹਨ ਚਲਾਉਣ ’ਤੇ ਪਾਬੰਦੀ ਵੀ ਲਗਾਈ ਹੈ।
ਹਾਦਸੇ ਤੋਂ ਬਾਅਦ ਬਲਜੀਤ ਸਿੰਘ ਨੂੰ ਘਬਰਾਹਟ ਅਤੇ ਸਦਮੇ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਪਰ ਉਹ ਅਗਲੇ ਦਿਨ ਹਸਪਤਾਲ ਤੋਂ ਗਾਇਬ ਹੋ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ਪਹਿਲਾਂ ਟੋਰਾਂਟੋ ਗਿਆ, ਫਿਰ ਭਾਰਤ ਪਹੁੰਚਿਆ ਅਤੇ ਬਾਅਦ ਵਿੱਚ ਕੈਲੀਫੋਰਨੀਆ ਚਲਾ ਗਿਆ।
ਕੈਨੇਡੀਅਨ ਅਧਿਕਾਰੀਆਂ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਕੌਮਾਂਤਰੀ ਵਾਰੰਟ ਜਾਰੀ ਕੀਤਾ ਗਿਆ ਸੀ। ਆਖ਼ਰਕਾਰ 2025 ਵਿੱਚ ਅਮਰੀਕੀ ਸੰਘੀ ਏਜੰਸੀਆਂ ਨੇ ਉਸ ਨੂੰ ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਕੈਨੇਡਾ ਵਾਪਸ ਲਿਆਂਦਾ ਗਿਆ ਅਤੇ ਮਾਮਲੇ ਦੀ ਕਾਨੂੰਨੀ ਕਾਰਵਾਈ ਅੱਗੇ ਵਧੀ।

Related