ਚੰਡੀਗੜ੍ਹ ਦੇ ਕੈਸ਼ੀਅਰ ਕਤਲ ਦਾ ਮੁੱਖ ਸਾਜ਼ਿਸ਼ਘਾੜਾ ਗੋਲਡੀ ਢਿੱਲੋਂ ਸਪੇਨ ‘ਚ ਗ੍ਰਿਫ਼ਤਾਰ, ਭਾਰਤ ਲਿਆਉਣ ਦੀ ਤਿਆਰੀ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ)  :- ਸੈਕਟਰ-11 ਸਥਿਤ ਸ਼੍ਰੀ ਕੁਮਾਰ ਮੈਡੀਕਲ ਹਾਲ ਦੇ ਕੈਸ਼ੀਅਰ ਜਾਨਕੀ ਦਾਸ ਕਤਲ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਗੋਲਡੀ ਢਿੱਲੋਂ ਨੂੰ ਭਾਰਤੀ ਏਜੰਸੀਆਂ ਦੀ ਸਹਾਇਤਾ ਨਾਲ ਸਪੇਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਲਡੀ ਢਿੱਲੋਂ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਬੈਠ ਕੇ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ-ਐਨਸੀਆਰ ਵਿੱਚ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ। ਹੁਣ ਉਸ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਭਾਰਤ ਪਹੁੰਚਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਉਸ ਨੂੰ ਸੈਕਟਰ-11 ਕਤਲ ਕੇਸ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਹਿਰਾਸਤ ਵਿੱਚ ਲਵੇਗੀ। ਗੋਲਡੀ ਢਿੱਲੋਂ ਪਹਿਲਾਂ ਹੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਲੋੜੀਂਦਾ ਦੋਸ਼ੀ ਘੋਸ਼ਿਤ ਕੀਤਾ ਗਿਆ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਲਈ 10 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਹੋਇਆ ਸੀ। ਸੁਰੱਖਿਆ ਏਜੰਸੀਆਂ ਕਾਫ਼ੀ ਸਮੇਂ ਤੋਂ ਉਸ ਦੀ ਭਾਲ ਵਿੱਚ ਸਨ।

ਜਾਣਕਾਰੀ ਮੁਤਾਬਕ, ਰਾਜਪੁਰਾ ਦਾ ਰਹਿਣ ਵਾਲਾ ਗੋਲਡੀ ਢਿੱਲੋਂ ਸ਼ੁਰੂਆਤੀ ਦੌਰ ਵਿੱਚ ਹਮਲੇ, ਅਪਰਾਧਿਕ ਧਮਕੀਆਂ ਅਤੇ ਅਸਲਾ ਐਕਟ ਦੀ ਉਲੰਘਣਾ ਵਰਗੇ ਮਾਮਲਿਆਂ ਵਿੱਚ ਸ਼ਾਮਲ ਰਿਹਾ। ਬਾਅਦ ਵਿੱਚ ਉਸ ਨੇ ਕਾਰੋਬਾਰੀਆਂ ਤੋਂ ਫਿਰੌਤੀ ਵਸੂਲਣ ਦਾ ਧੰਧਾ ਸ਼ੁਰੂ ਕਰ ਦਿੱਤਾ। ਪੁਲਿਸ ਦਾ ਦਬਾਅ ਵਧਣ ‘ਤੇ ਉਹ ਰੂਪੋਸ਼ ਹੋ ਗਿਆ ਅਤੇ ਵੱਡੇ ਗੈਂਗਾਂ ਲਈ ਸ਼ੂਟਰ, ਹਥਿਆਰ ਅਤੇ ਸੁਰੱਖਿਅਤ ਠਿਕਾਣਿਆਂ ਦਾ ਪ੍ਰਬੰਧ ਕਰਨ ਲੱਗ ਪਿਆ।

ਸਾਲ 2022 ਵਿੱਚ ਉਹ ਵਿਦੇਸ਼ ਭੱਜ ਗਿਆ ਸੀ। ਉੱਥੋਂ ਬੈਠ ਕੇ ਉਸ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ-ਐਨਸੀਆਰ ਵਿੱਚ ਆਪਣੇ ਗੈਂਗ ਦਾ ਨੈੱਟਵਰਕ ਹੋਰ ਮਜ਼ਬੂਤ ਕੀਤਾ ਅਤੇ ਕਈ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ।

ਜ਼ਿਕਰਯੋਗ ਹੈ ਕਿ 13 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ-11 ਸਥਿਤ ਸ਼੍ਰੀ ਕੁਮਾਰ ਮੈਡੀਕਲ ਹਾਲ ਦੇ ਕੈਸ਼ੀਅਰ ਜਾਨਕੀ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਢਿੱਲੋਂ ਨੇ ਖੁਦ ਲਈ ਸੀ। ਇਸ ਤੋਂ ਬਾਅਦ ਉਸ ਨੇ ਚੰਡੀਗੜ੍ਹ ਦੇ ਕਈ ਕਾਰੋਬਾਰੀਆਂ ਨੂੰ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਲਈ ਧਮਕੀ ਭਰੀਆਂ ਕਾਲਾਂ ਵੀ ਕੀਤੀਆਂ ਸਨ। ਹੁਣ ਉਸ ਦੀ ਗ੍ਰਿਫ਼ਤਾਰੀ ਨੂੰ ਜਾਂਚ ਏਜੰਸੀਆਂ ਲਈ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ।