
Skip to content

ਚੰਡੀਗੜ੍ਹ ‘ਚ ਬੰਦ ਪੈਟਰੋਲ ਪੰਪ ਖੁਲ੍ਹਵਾਉਣ ਨੂੰ ਲੈ ਕੇ ਹੰਗਾਮਾ, ਸੁਰੱਖਿਆ ਕਰਮੀ ਨੇ ਹਵਾ ‘ਚ ਕੀਤੀ ਫਾਇਰਿੰਗ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਸ਼ਹਿਰ ਦੇ ਸੈਕਟਰ-38 ਵੈਸਟ ਸਥਿਤ ਇੱਕ ਪੈਟਰੋਲ ਪੰਪ ‘ਤੇ ਸ਼ੁੱਕਰਵਾਰ ਰਾਤ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ, ਜਦੋਂ ਬੰਦ ਹੋ ਚੁੱਕੇ ਪੈਟਰੋਲ ਪੰਪ ਨੂੰ ਖੁਲ੍ਹਵਾਉਣ ਨੂੰ ਲੈ ਕੇ ਦੋ ਨੌਜਵਾਨਾਂ ਅਤੇ ਸੁਰੱਖਿਆ ਕਰਮੀ ਵਿਚਾਲੇ ਵਿਵਾਦ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਸੁਰੱਖਿਆ ਕਰਮੀ ਨੇ ਚੇਤਾਵਨੀ ਦੇਣ ਲਈ ਆਪਣੀ ਲਾਇਸੰਸੀ ਪਿਸਤੌਲ ਨਾਲ ਹਵਾ ਵਿੱਚ ਇੱਕ ਫਾਇਰ ਕਰ ਦਿੱਤਾ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਮਲੋਆ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਸਚਿਨ ਵਜੋਂ ਹੋਈ ਹੈ, ਜਦਕਿ ਦੂਜੇ ਦੀ ਪਛਾਣ ਲਈ ਯਤਨ ਜਾਰੀ ਹਨ। ਪੁਲਿਸ ਨੇ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ।
ਪੁਲਿਸ ਮੁਤਾਬਕ, ਸ਼ੁੱਕਰਵਾਰ ਰਾਤ ਤੈਅ ਸਮੇਂ ਅਨੁਸਾਰ ਪੈਟਰੋਲ ਪੰਪ ਬੰਦ ਹੋ ਚੁੱਕਾ ਸੀ। ਇਸ ਦੌਰਾਨ ਬਾਈਕ ‘ਤੇ ਸਵਾਰ ਦੋ ਨੌਜਵਾਨ ਉੱਥੇ ਪਹੁੰਚੇ ਅਤੇ ਡਿਊਟੀ ‘ਤੇ ਤਾਇਨਾਤ ਸੁਰੱਖਿਆ ਕਰਮੀ ਨੂੰ ਪੈਟਰੋਲ ਪਾਉਣ ਲਈ ਕਿਹਾ। ਸੁਰੱਖਿਆ ਕਰਮੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਪ ਬੰਦ ਹੋ ਚੁੱਕਾ ਹੈ ਅਤੇ ਹੁਣ ਸਵੇਰੇ ਨਿਰਧਾਰਤ ਸਮੇਂ ‘ਤੇ ਹੀ ਖੁੱਲ੍ਹੇਗਾ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪੈਟਰੋਲ ਪਵਾਉਣ ਦੀ ਜ਼ਿੱਦ ‘ਤੇ ਅੜੇ ਰਹੇ ਅਤੇ ਕਥਿਤ ਤੌਰ ‘ਤੇ ਪੰਪ ਖੁਲ੍ਹਵਾਉਣ ਲਈ ਦਬਾਅ ਬਣਾਉਣ ਲੱਗੇ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਵਿਵਾਦ ਵਧਦਾ ਦੇਖ ਸੁਰੱਖਿਆ ਕਰਮੀ ਨੇ ਚੇਤਾਵਨੀ ਵਜੋਂ ਆਪਣੀ ਲਾਇਸੰਸੀ ਪਿਸਤੌਲ ਨਾਲ ਹਵਾ ਵਿੱਚ ਇੱਕ ਫਾਇਰ ਕਰ ਦਿੱਤਾ।
ਫਾਇਰਿੰਗ ਦੀ ਆਵਾਜ਼ ਸੁਣਦੇ ਹੀ ਦੋਵੇਂ ਨੌਜਵਾਨ ਮੌਕੇ ਤੋਂ ਬਾਈਕ ‘ਤੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਪੈਟਰੋਲ ਪੰਪ ਦੇ ਸਟਾਫ਼ ਅਤੇ ਸੁਰੱਖਿਆ ਕਰਮੀ ਤੋਂ ਪੁੱਛਗਿੱਛ ਕੀਤੀ ਅਤੇ ਘਟਨਾ ਸਬੰਧੀ ਸਬੂਤ ਇਕੱਠੇ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਇੱਕ ਮੁਲਜ਼ਮ ਦੀ ਪਛਾਣ ਹੋ ਚੁੱਕੀ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related