ਪੰਜਾਬ-ਚੰਡੀਗੜ੍ਹ ‘ਚ ਮਾਨਸੂਨ ਸਰਗਰਮ, 9 ਜੁਲਾਈ ਤੱਕ ਮੀਂਹ ਦਾ ਦੌਰ ਜਾਰੀ; ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ)  :- ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਸਮੇਤ ਗੁਰਦਾਸਪੁਰ, ਪਠਾਨਕੋਟ, ਫਰੀਦਕੋਟ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਮੀਂਹ ਪਿਆ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਅਤੇ ਲੋਕਾਂ ਨੂੰ ਉਮਸ ਭਰੀ ਗਰਮੀ ਤੋਂ ਰਾਹਤ ਮਿਲੀ।

ਚੰਡੀਗੜ੍ਹ ਸਥਿਤ ਮੌਸਮ ਵਿਗਿਆਨ ਕੇਂਦਰ ਮੁਤਾਬਕ 9 ਜੁਲਾਈ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਸਰਗਰਮੀ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, ਤੇਜ਼ ਹਵਾਵਾਂ, ਬਿਜਲੀ ਗਰਜਣ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਚੇਤਾਵਨੀ ਜਾਰੀ ਕੀਤੀ ਗਈ ਹੈ।

ਵਿਭਾਗ ਨੇ ਅੱਜ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਲਈ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ, ਗਰਜ-ਚਮਕ ਅਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਲਈ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਸਭ ਤੋਂ ਵੱਧ ਮੀਂਹ ਮਾਝਾ ਖੇਤਰ ਅਤੇ ਇਸ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਦਰਜ ਕੀਤਾ ਗਿਆ। ਗੁਰਦਾਸਪੁਰ ਵਿੱਚ 48.2 ਮਿਲੀਮੀਟਰ, ਪਠਾਨਕੋਟ ਵਿੱਚ 27.2 ਮਿਲੀਮੀਟਰ, ਫਰੀਦਕੋਟ ਵਿੱਚ 10.4 ਮਿਲੀਮੀਟਰ, ਮੋਹਾਲੀ ਵਿੱਚ 8.5 ਮਿਲੀਮੀਟਰ, ਪਟਿਆਲਾ ਵਿੱਚ 6.1 ਮਿਲੀਮੀਟਰ, ਚੰਡੀਗੜ੍ਹ ਵਿੱਚ 4.6 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 2.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।

ਮੀਂਹ ਕਾਰਨ ਦਿਨ ਅਤੇ ਰਾਤ ਦੋਵਾਂ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਪੰਜਾਬ ਵਿੱਚ ਦਿਨ ਦਾ ਸਭ ਤੋਂ ਵੱਧ ਤਾਪਮਾਨ ਸਮਰਾਲਾ (ਲੁਧਿਆਣਾ) ਵਿੱਚ 36.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਰਿਹਾ। ਰਾਤ ਦੇ ਸਮੇਂ ਬਠਿੰਡਾ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 21.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਵਿੱਚ ਇਹ 26.4 ਡਿਗਰੀ ਸੈਲਸੀਅਸ ਰਿਹਾ।

ਇਸੇ ਦੌਰਾਨ ਚੰਡੀਗੜ੍ਹ ਦੇ ਸੈਕਟਰ-26 ਸਥਿਤ ਸੀਟੀਈਟੀ ਕਾਲਜ ਦੇ ਬਹੁ-ਮੰਤਵੀ ਹਾਲ ਦਾ ਇੱਕ ਹਿੱਸਾ ਸ਼ੁੱਕਰਵਾਰ ਨੂੰ ਢਹਿ ਗਿਆ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ, ਕਿਉਂਕਿ ਇਮਾਰਤ ਨੂੰ ਪਹਿਲਾਂ ਹੀ ਅਸੁਰੱਖਿਅਤ ਐਲਾਨ ਕਰਕੇ ਵਰਤੋਂ ਲਈ ਬੰਦ ਕੀਤਾ ਗਿਆ ਸੀ।

ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗਰਜ-ਚਮਕ ਅਤੇ ਬਿਜਲੀ ਡਿੱਗਣ ਦੌਰਾਨ ਖੁੱਲ੍ਹੇ ਖੇਤਰਾਂ, ਉੱਚੇ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਹੇਠਾਂ ਖੜ੍ਹੇ ਹੋਣ ਤੋਂ ਬਚਿਆ ਜਾਵੇ। ਭਾਰੀ ਮੀਂਹ ਦੌਰਾਨ ਪਾਣੀ ਭਰੇ ਇਲਾਕਿਆਂ ਵਿੱਚੋਂ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੀ ਜਾਵੇ ਅਤੇ ਬਿਨਾਂ ਲੋੜ ਦੇ ਸਫ਼ਰ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ।