Skip to content
ਚੰਡੀਗੜ੍ਹ ਵਿੱਚ 17 ਸਾਲਾ ਨਾਬਾਲਗ ਨੇ ਗੋਲੀ ਮਾਰ ਕੇ ਹਮਉਮਰ ਨੈਤਿਕ ਦਾ ਕੀਤਾ ਕਤਲ
ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦਾ ਲੈਣਾ ਸੀ ਬਦਲਾ, ਆਟੋ ’ਤੇ ਚਲਾਈਆਂ ਤਿੰਨ ਗੋਲੀਆਂ
ਚੰਡੀਗੜ੍ਹ, 23 ਅਕਤੂਬਰ (ਅਰਸ਼ਦੀਪ ਸਿੰਘ ਕਾਲੜਾ) : ਚੰਡੀਗੜ੍ਹ ਦੇ ਸੈਕਟਰ-22 ਵਿੱਚ ਵੀਰਵਾਰ ਰਾਤ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਨ ਦਾ ਬਦਲਾ ਲੈਣ ਲਈ ਇੱਕ 17 ਸਾਲਾ ਨਾਬਾਲਗ ਨੇ ਆਪਣੇ ਹਮਉਮਰ ਲੜਕੇ ਨੈਤਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਵਾਰਦਾਤ ਸੈਕਟਰ-22 ਸਥਿਤ ਸਨਾਤਨ ਧਰਮ ਮੰਦਰ ਦੇ ਸਾਹਮਣੇ ਵਾਪਰੀ। ਮੁਲਜ਼ਮ ਨੇ ਮੋਟਰਸਾਈਕਲ ’ਤੇ ਆਟੋ-ਰਿਕਸ਼ਾ ਦਾ ਪਿੱਛਾ ਕਰਦਿਆਂ ਉਸ ’ਤੇ ਤਿੰਨ ਗੋਲੀਆਂ ਚਲਾਈਆਂ, ਜਿਸ ਕਾਰਨ ਨੈਤਿਕ ਦੀ ਮੌਤ ਹੋ ਗਈ, ਜਦਕਿ ਆਟੋ ਚਾਲਕ ਵੀ ਜ਼ਖ਼ਮੀ ਹੋ ਗਿਆ।
ਆਟੋ ਵਿੱਚ ਸਵਾਰ ਹੋ ਕੇ ਘਰ ਪਰਤ ਰਿਹਾ ਸੀ ਨੈਤਿਕ
ਜਾਣਕਾਰੀ ਅਨੁਸਾਰ ਨੈਤਿਕ ਆਪਣੇ ਇੱਕ ਦੋਸਤ ਨਾਲ ਆਟੋ-ਰਿਕਸ਼ਾ ਵਿੱਚ ਸਵਾਰ ਹੋ ਕੇ ਸੈਕਟਰ-34 ਤੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਨਾਬਾਲਗ ਨੇ ਆਟੋ ਦਾ ਪਿੱਛਾ ਕਰਦਿਆਂ ਉਸ ’ਤੇ ਤਿੰਨ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਆਟੋ ਚਾਲਕ ਸਿਕੰਦਰ ਪਾਸਵਾਨ ਦੇ ਮੋਢੇ ਨੂੰ ਛੂੰਹਦੀ ਹੋਈ ਅਗਲੇ ਸ਼ੀਸ਼ੇ ਵਿੱਚੋਂ ਲੰਘ ਗਈ, ਜਦਕਿ ਦੂਜੀ ਗੋਲੀ ਨੈਤਿਕ ਦੀ ਛਾਤੀ ਵਿੱਚ ਜਾ ਲੱਗੀ। ਤੀਜੀ ਗੋਲੀ ਵੀ ਆਟੋ ਵੱਲ ਚਲਾਈ ਗਈ।
ਗੰਭੀਰ ਜ਼ਖ਼ਮੀ ਨੈਤਿਕ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਹਮਲੇ ਦੌਰਾਨ ਨੈਤਿਕ ਦਾ ਦੋਸਤ ਵਾਲ-ਵਾਲ ਬਚ ਗਿਆ। ਜ਼ਖ਼ਮੀ ਆਟੋ ਚਾਲਕ ਸਿਕੰਦਰ ਪਾਸਵਾਨ ਦਾ ਇਲਾਜ ਜੀਐਮਐਸਐਚ-16 ਵਿੱਚ ਚੱਲ ਰਿਹਾ ਹੈ। ਨੈਤਿਕ ਦੀ ਲਾਸ਼ ਨੂੰ ਹਸਪਤਾਲ ਦੀ ਮੌਰਚਰੀ ਵਿੱਚ ਰੱਖਿਆ ਗਿਆ ਹੈ।
ਡੈਸ਼ਕੈਮ ਫੁਟੇਜ ਦੀ ਮਦਦ ਨਾਲ ਮੁਲਜ਼ਮ ਕਾਬੂ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦੇ ਆਪਰੇਸ਼ਨ ਸੈੱਲ ਨੇ ਡੈਸ਼ਕੈਮ ਫੁਟੇਜ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਮੁਲਜ਼ਮ ਕੋਲੋਂ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਸਕੂਲ ਸਮੇਂ ਤੋਂ ਚੱਲ ਰਹੀ ਸੀ ਰੰਜਿਸ਼
ਪੁਲਿਸ ਸੂਤਰਾਂ ਅਨੁਸਾਰ ਨੈਤਿਕ ਸੈਕਟਰ-32 ਸਥਿਤ ਐਸ.ਡੀ. ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਤੋਂ ਪਹਿਲਾਂ ਉਹ ਸੇਂਟ ਜੋਸਫ਼ ਸਕੂਲ ਵਿੱਚ ਪੜ੍ਹਦਾ ਸੀ, ਜਿੱਥੇ ਉਸ ਦੀ ਸੌਰਵ ਨਾਲ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਦੋਵਾਂ ਵਿਚਕਾਰ ਅਕਸਰ ਬਹਿਸਬਾਜ਼ੀ ਹੁੰਦੀ ਰਹਿੰਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਦੀਆਂ ਵੀਡੀਓਜ਼ ਬਣਾਉਂਦੇ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰ ਦਿੰਦੇ ਸਨ। ਇਸੇ ਦੌਰਾਨ ਇੱਕ ਵਾਰ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਦਾ ਬਦਲਾ ਲੈਣ ਲਈ ਇਹ ਕਤਲ ਕੀਤੇ ਜਾਣ ਦਾ ਦੋਸ਼ ਹੈ।
ਵਿਵਾਦ ਵਧਣ ਤੋਂ ਬਾਅਦ ਨੈਤਿਕ ਦੇ ਪਰਿਵਾਰ ਨੇ ਉਸ ਦਾ ਸਕੂਲ ਵੀ ਬਦਲ ਦਿੱਤਾ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਵਾਂ ਵਿਚਕਾਰ ਚੱਲ ਰਹੀ ਰੰਜਿਸ਼ ਵਿੱਚ ਇੱਕ ਸਹਿਪਾਠਣ ਲੜਕੀ ਦੀ ਭੂਮਿਕਾ ਵੀ ਹੋ ਸਕਦੀ ਹੈ। ਪੁਲਿਸ ਇਸ ਪਹਿਲੂ ਸਮੇਤ ਮਾਮਲੇ ਦੇ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ।
Related