13 ਅਗਸਤ ਨੂੰ ਅਮਰੀਕਾ ’ਚ ਹੋਵੇਗੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ, ਰੋਕਣ ਲਈ ਕੇਂਦਰ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਚੰਡੀਗੜ੍ਹ ਦੀ ਇਤਿਹਾਸਕ ਅਤੇ ਆਰਕੀਟੈਕਚਰਲ ਵਿਰਾਸਤ ਨਾਲ ਜੁੜੇ ਪੀਅਰੇ ਜੀਨੇਰੇਟ ਵੱਲੋਂ ਡਿਜ਼ਾਈਨ ਕੀਤੇ ਗਏ ਅੱਠ ਅਸਲੀ ਫਰਨੀਚਰ ਆਈਟਮਾਂ ਦੀ 13 ਅਗਸਤ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਨਿਲਾਮੀ ਕੀਤੀ ਜਾਣੀ ਹੈ। ਨਿਲਾਮੀ ਵਿੱਚ ਦਫ਼ਤਰੀ ਕੁਰਸੀਆਂ, ਲਿਨਨ ਚੈਸਟ, ਡੈਸਕ, ਡਾਇਨਿੰਗ ਕੁਰਸੀਆਂ, ਫ਼ਾਈਲ ਰੈਕ, ਲਿਖਣ ਵਾਲੀਆਂ ਕੁਰਸੀਆਂ ਅਤੇ ਕਮੇਟੀ ਟੇਬਲ ਸਮੇਤ ਹੋਰ ਵਿਰਾਸਤੀ ਵਸਤਾਂ ਸ਼ਾਮਲ ਹਨ।

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸਕ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਅਜੈ ਜੱਗਾ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਭਿਆਚਾਰ ਸਕੱਤਰ ਡਾ. ਸਈਦ ਆਬਿਦ ਰਾਸ਼ਿਦ ਸ਼ਾਹ ਨੂੰ ਪੱਤਰ ਭੇਜ ਕੇ ਤੁਰੰਤ ਕੂਟਨੀਤਕ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਕੇਂਦਰ ਸਰਕਾਰ ਦੇ ਯਤਨਾਂ ਨਾਲ ਫਰਾਂਸ ਅਤੇ ਸਪੇਨ ਵਿੱਚ ਹੋਣ ਵਾਲੀਆਂ ਦੋ ਨਿਲਾਮੀਆਂ ਰੋਕੀਆਂ ਜਾ ਚੁੱਕੀਆਂ ਹਨ ਅਤੇ ਹੁਣ ਅਮਰੀਕਾ ਵਿੱਚ ਹੋਣ ਵਾਲੀ ਨਿਲਾਮੀ ਨੂੰ ਵੀ ਰੋਕਣਾ ਲਾਜ਼ਮੀ ਹੈ।

ਅਜੈ ਜੱਗਾ ਨੇ ਦੱਸਿਆ ਕਿ ਨਿਲਾਮੀ ਸੂਚੀ ਵਿੱਚ ਇਨ੍ਹਾਂ ਵਸਤਾਂ ਦਾ ਮੂਲ ਚੰਡੀਗੜ੍ਹ, ਪ੍ਰਸ਼ਾਸਕੀ ਇਮਾਰਤ ਅਤੇ ਪੰਜਾਬ ਯੂਨੀਵਰਸਿਟੀ ਦਰਸਾਇਆ ਗਿਆ ਹੈ, ਜੋ ਇਹ ਸਾਬਤ ਕਰਦਾ ਹੈ ਕਿ ਇਹ ਭਾਰਤ ਦੀ ਸੱਭਿਆਚਾਰਕ ਅਤੇ ਆਰਕੀਟੈਕਚਰਲ ਵਿਰਾਸਤ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਭਾਰਤੀ ਵਿਰਾਸਤ ਦੀ ਵਿਦੇਸ਼ਾਂ ਵਿੱਚ ਨਿਲਾਮੀ ਹੋਣਾ ਚਿੰਤਾ ਦਾ ਵਿਸ਼ਾ ਹੈ।

ਪੱਤਰ ਵਿੱਚ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਅਮਰੀਕੀ ਸਰਕਾਰ ਅਤੇ ਸਬੰਧਤ ਏਜੰਸੀਆਂ ਕੋਲ ਇਹ ਮਾਮਲਾ ਤੁਰੰਤ ਉਠਾਇਆ ਜਾਵੇ, ਨਿਲਾਮੀ ਰੋਕੀ ਜਾਵੇ, ਵਸਤਾਂ ਦੀ ਮਾਲਕੀ ਅਤੇ ਨਿਰਯਾਤ ਦੀ ਕਾਨੂੰਨੀ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਕੂਟਨੀਤਕ ਅਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।

ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਸਭਿਆਚਾਰਕ ਵਿਭਾਗ ਨੇ ਵੀ ਨਿਲਾਮੀ ਰੋਕਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਜਲਦ ਹੀ ਕੇਂਦਰ ਸਰਕਾਰ ਨੂੰ ਇਸ ਸਬੰਧੀ ਵਿਸਥਾਰਪੂਰਵਕ ਰਿਪੋਰਟ ਭੇਜੀ ਜਾਵੇਗੀ।