
Skip to content

ਰਾਸ਼ਟਰਮੰਡਲ ਖੇਡਾਂ 2026: ਘੱਟ ਖਿਡਾਰੀ, ਘੱਟ ਮੁਕਾਬਲੇ… ਫਿਰ ਵੀ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, 39 ਤਗਮਿਆਂ ਨਾਲ ਚੌਥਾ ਸਥਾਨ ਬਰਕਰਾਰ
ਗਲਾਸਗੋ (ਅਰਸ਼ਦੀਪ ਸਿੰਘ ਕਾਲੜਾ) :- ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਨੇ 13 ਸੋਨੇ, 17 ਚਾਂਦੀ ਅਤੇ 9 ਕਾਂਸੀ ਸਮੇਤ ਕੁੱਲ 39 ਤਗਮੇ ਜਿੱਤ ਕੇ ਤਗਮਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ। ਪਹਿਲੀ ਨਜ਼ਰ ਵਿੱਚ ਇਹ ਪ੍ਰਦਰਸ਼ਨ ਬਰਮਿੰਘਮ 2022 ਦੇ 61 ਤਗਮਿਆਂ ਦੇ ਮੁਕਾਬਲੇ ਘੱਟ ਲੱਗ ਸਕਦਾ ਹੈ, ਪਰ ਅੰਕੜੇ ਦੱਸਦੇ ਹਨ ਕਿ ਇਸ ਵਾਰ ਭਾਰਤੀ ਟੀਮ ਦਾ ਪ੍ਰਦਰਸ਼ਨ ਕਾਫ਼ੀ ਪ੍ਰਭਾਵਸ਼ਾਲੀ ਰਿਹਾ।
ਇਸ ਵਾਰ ਗਲਾਸਗੋ ਵਿੱਚ ਸਿਰਫ਼ 10 ਖੇਡਾਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ, ਜਦਕਿ ਬਰਮਿੰਘਮ 2022 ਵਿੱਚ 19 ਖੇਡਾਂ ਦੇ ਮੁਕਾਬਲੇ ਕਰਵਾਏ ਗਏ ਸਨ। ਬੈਡਮਿੰਟਨ, ਕੁਸ਼ਤੀ, ਨਿਸ਼ਾਨੇਬਾਜ਼ੀ, ਹਾਕੀ, ਟੇਬਲ ਟੈਨਿਸ ਅਤੇ ਕ੍ਰਿਕਟ ਵਰਗੀਆਂ ਖੇਡਾਂ, ਜਿਨ੍ਹਾਂ ਤੋਂ ਭਾਰਤ ਨੇ 2022 ਵਿੱਚ 30 ਤਗਮੇ ਜਿੱਤੇ ਸਨ, ਇਸ ਵਾਰ ਮੁਕਾਬਲਿਆਂ ਦਾ ਹਿੱਸਾ ਹੀ ਨਹੀਂ ਸਨ।
ਭਾਰਤ ਨੇ ਇਸ ਵਾਰ 123 ਖਿਡਾਰੀਆਂ ਦਾ ਦਲ ਭੇਜਿਆ, ਜਦਕਿ 2022 ਵਿੱਚ ਇਹ ਗਿਣਤੀ 210 ਸੀ। ਇਨ੍ਹਾਂ ਵਿੱਚੋਂ 38 ਖਿਡਾਰੀ ਤਗਮੇ ਜਿੱਤਣ ਵਿੱਚ ਕਾਮਯਾਬ ਰਹੇ, ਜਿਸ ਨਾਲ ਟੀਮ ਦੀ ਸਫਲਤਾ ਦਰ 31 ਫੀਸਦੀ ਰਹੀ। ਬਰਮਿੰਘਮ ਖੇਡਾਂ ਵਿੱਚ ਇਹ ਦਰ 29 ਫੀਸਦੀ ਸੀ, ਜੋ ਦਰਸਾਉਂਦੀ ਹੈ ਕਿ ਘੱਟ ਮੌਕਿਆਂ ਦੇ ਬਾਵਜੂਦ ਭਾਰਤੀ ਖਿਡਾਰੀਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ।
ਭਾਰਤ ਦੀ ਸਭ ਤੋਂ ਵੱਡੀ ਤਾਕਤ ਮੁੱਕੇਬਾਜ਼ੀ ਰਹੀ। ਮੁੱਕੇਬਾਜ਼ਾਂ ਨੇ 10 ਤਗਮੇ ਜਿੱਤੇ, ਜਿਨ੍ਹਾਂ ਵਿੱਚ 7 ਸੋਨੇ ਅਤੇ 3 ਚਾਂਦੀ ਦੇ ਤਗਮੇ ਸ਼ਾਮਲ ਸਨ। ਇਸ ਦਾ ਮਤਲਬ ਹੈ ਕਿ ਭਾਰਤ ਦਾ ਹਰ ਚੌਥਾ ਤਗਮਾ ਮੁੱਕੇਬਾਜ਼ੀ ਤੋਂ ਆਇਆ। ਇਸ ਤੋਂ ਇਲਾਵਾ ਐਥਲੈਟਿਕਸ ਵਿੱਚ ਵੀ 10 ਤਗਮੇ ਮਿਲੇ, ਹਾਲਾਂਕਿ ਇਸ ਖੇਡ ਵਿੱਚ ਕੋਈ ਸੋਨੇ ਦਾ ਤਗਮਾ ਨਹੀਂ ਆ ਸਕਿਆ।
ਵੇਟਲਿਫਟਿੰਗ ਵਿੱਚ 8, ਪੈਰਾ-ਐਥਲੈਟਿਕਸ ਵਿੱਚ 6, ਜੂਡੋ ਵਿੱਚ 4 ਅਤੇ ਪੈਰਾ-ਪਾਵਰਲਿਫਟਿੰਗ ਵਿੱਚ 1 ਤਗਮਾ ਭਾਰਤ ਦੀ ਝੋਲੀ ਵਿੱਚ ਪਿਆ। ਕੁੱਲ 39 ਵਿੱਚੋਂ 37 ਤਗਮੇ ਸਿਰਫ਼ ਪੰਜ ਖੇਡਾਂ ਤੋਂ ਆਏ, ਜੋ ਕੁਝ ਚੁਣਿੰਦੀਆਂ ਖੇਡਾਂ ਵਿੱਚ ਭਾਰਤ ਦੀ ਮਜ਼ਬੂਤੀ ਨੂੰ ਦਰਸਾਉਂਦੇ ਹਨ।
ਤਗਮਾ ਸੂਚੀ ਵਿੱਚ ਆਸਟ੍ਰੇਲੀਆ, ਇੰਗਲੈਂਡ ਅਤੇ ਕੈਨੇਡਾ ਤੋਂ ਬਾਅਦ ਭਾਰਤ ਨੇ ਚੌਥਾ ਸਥਾਨ ਹਾਸਲ ਕੀਤਾ। ਘੱਟ ਖਿਡਾਰੀਆਂ ਅਤੇ ਘੱਟ ਮੁਕਾਬਲਿਆਂ ਦੇ ਬਾਵਜੂਦ ਚੋਟੀ ਦੇ ਚਾਰ ਦੇਸ਼ਾਂ ਵਿੱਚ ਆਪਣੀ ਜਗ੍ਹਾ ਕਾਇਮ ਰੱਖਣਾ ਭਾਰਤੀ ਟੀਮ ਦੀ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਬਰਮਿੰਘਮ 2022 ਵਿੱਚ ਵੀ ਭਾਰਤ 22 ਸੋਨੇ ਸਮੇਤ 61 ਤਗਮਿਆਂ ਨਾਲ ਚੌਥੇ ਸਥਾਨ ‘ਤੇ ਰਿਹਾ ਸੀ।

Related