
Skip to content

ਸੇਉਟਾ ਪ੍ਰਵਾਸੀ ਸੰਕਟ ਹੋਰ ਡੂੰਘਾ, ਮੌਤਾਂ ਦੀ ਗਿਣਤੀ 90 ਤੱਕ ਪੁੱਜੀ
ਮੈਡਰਿਡ (ਅਰਸ਼ਦੀਪ ਸਿੰਘ ਕਾਲੜਾ) :- ਮੋਰੱਕੋ ਤੋਂ ਸਪੇਨ ਦੇ ਖ਼ੁਦਮੁਖ਼ਤਿਆਰ ਖੇਤਰ ਸੇਉਟਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨਾਲ ਜੁੜਿਆ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 90 ਹੋ ਗਈ ਹੈ। ਸਪੇਨੀ ਮੀਡੀਆ ਨੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਪੇਨ ਦੇ ਬਚਾਅ ਦਲਾਂ ਨੇ 74 ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ ਮੋਰੱਕੋ ਦੇ ਅਧਿਕਾਰੀਆਂ ਨੇ 16 ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ।
ਇਹ ਪ੍ਰਵਾਸੀ ਸੰਕਟ ਜੁਲਾਈ ਦੇ ਆਖ਼ਰੀ ਹਫ਼ਤੇ ਦੌਰਾਨ ਉਸ ਵੇਲੇ ਸ਼ੁਰੂ ਹੋਇਆ, ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੋਰੱਕੋ ਤੋਂ ਸਮੁੰਦਰੀ ਰਸਤੇ ਸੇਉਟਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਸੇਉਟਾ ਦੇ ਮੇਅਰ-ਰਾਸ਼ਟਰਪਤੀ ਜੁਆਨ ਜੀਸਸ ਵਿਵਾਸ ਨੇ ਦੱਸਿਆ ਕਿ ਸਿਰਫ਼ ਇੱਕ ਦਿਨ ਵਿੱਚ ਕਰੀਬ 60 ਹਜ਼ਾਰ ਪ੍ਰਵਾਸੀ ਇਸ ਖੇਤਰ ਵਿੱਚ ਪਹੁੰਚੇ, ਜਿਸ ਕਾਰਨ ਪ੍ਰਸ਼ਾਸਨ ਉੱਤੇ ਭਾਰੀ ਦਬਾਅ ਬਣ ਗਿਆ।
ਪ੍ਰਵਾਸੀਆਂ ਦੀ ਵੱਡੀ ਆਮਦ ਕਾਰਨ ਸੇਉਟਾ ਵਿੱਚ ਹਿੰਸਕ ਝੜਪਾਂ ਵੀ ਹੋਈਆਂ। ਹਾਲਾਤਾਂ ਨੂੰ ਕਾਬੂ ਕਰਨ ਲਈ ਸਪੇਨੀ ਸਰਕਾਰ ਨੇ ਵਾਧੂ ਪੁਲਿਸ ਬਲ, ਸਿਵਲ ਗਾਰਡ ਅਤੇ ਫ਼ੌਜੀ ਯੂਨਿਟ ਤਾਇਨਾਤ ਕੀਤੇ ਹਨ। ਅਧਿਕਾਰੀ ਰਾਹਤ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ।
ਇਸ ਘਟਨਾ ਨੇ ਇੱਕ ਵਾਰ ਫਿਰ ਯੂਰਪ ਵਿੱਚ ਗੈਰ-ਕਾਨੂੰਨੀ ਪ੍ਰਵਾਸ ਅਤੇ ਮਨੁੱਖੀ ਸੰਕਟ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Related