Skip to content
ਰੋਟਰੀ ਇੰਟਰਨੈਸ਼ਨਲ ਵੱਲੋਂ ਚਰਨ ਸਿੰਘ ਪੰਜਾਬ ਦੇ ਸਟੇਟ ਕੋਆਰਡੀਨੇਟਰ ਨਿਯੁਕਤ
ਰੋਟਰੀ ਸਾਲ 2027-28 ਲਈ ਮਿਲੀ ਅਹਿਮ ਜ਼ਿੰਮੇਵਾਰੀ, ਵੱਖ-ਵੱਖ ਸ਼ਖਸੀਅਤਾਂ ਵੱਲੋਂ ਵਧਾਈ
ਨਾਭਾ, 23 ਅਕਤੂਬਰ (ਅਮਨ ਗਰਗ): ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵੱਲੋਂ ਰੋਟਰੀ ਸਾਲ 2027-28 ਲਈ ਇੱਕ ਅਹਿਮ ਫ਼ੈਸਲਾ ਲੈਂਦਿਆਂ ਇਲਾਕੇ ਦੇ ਉੱਘੇ ਸਮਾਜ ਸੇਵੀ, ਰੋਟੇਰੀਅਨ ਅਤੇ ਦੇਸ਼-ਵਿਦੇਸ਼ ਵਿੱਚ ਪ੍ਰਸਿੱਧ ਮਲਕੀਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐਮ.ਡੀ.) ਸ. ਚਰਨ ਸਿੰਘ ਨੂੰ ਪੰਜਾਬ ਦਾ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਅਤੇ ਸੰਗਠਨਾਤਮਕ ਕੁਸ਼ਲਤਾ ਨੂੰ ਦੇਖਦਿਆਂ ਰੋਟਰੀ ਡਿਸਟ੍ਰਿਕਟ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੀਤੀ ਗਈ ਹੈ।
ਆਪਣੀ ਇਸ ਨਵੀਂ ਜ਼ਿੰਮੇਵਾਰੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ. ਚਰਨ ਸਿੰਘ ਨੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੀ ਸਮੁੱਚੀ ਹਾਈਕਮਾਂਡ ਅਤੇ ਸੀਨੀਅਰ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਰੋਟਰੀ ਦੇ ਮੂਲ ਮੰਤਰ ‘ਸੇਵਾ ਹੀ ਪਰਮ ਧਰਮ’ ਨੂੰ ਮੁੱਖ ਰੱਖਦਿਆਂ ਪੰਜਾਬ ਭਰ ਵਿੱਚ ਰੋਟਰੀ ਕਲੱਬਾਂ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਉਨ੍ਹਾਂ ਭਰੋਸਾ ਦਿਵਾਇਆ ਕਿ ਰੋਟਰੀ ਸਾਲ 2027-28 ਦੌਰਾਨ ਸਿਹਤ, ਸਿੱਖਿਆ, ਵਾਤਾਵਰਣ ਦੀ ਸੰਭਾਲ ਅਤੇ ਲੋੜਵੰਦਾਂ ਦੀ ਮਦਦ ਲਈ ਵਿਸ਼ੇਸ਼ ਪ੍ਰੋਜੈਕਟ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਤੱਕ ਸੇਵਾ ਦੇ ਕਾਰਜਾਂ ਨੂੰ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ।
ਸ. ਚਰਨ ਸਿੰਘ ਦੀ ਇਸ ਨਿਯੁਕਤੀ ‘ਤੇ ਵੱਖ-ਵੱਖ ਰੋਟਰੀ ਕਲੱਬਾਂ ਦੇ ਅਹੁਦੇਦਾਰਾਂ, ਉਦਯੋਗਪਤੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸਭਨਾਂ ਨੇ ਉਮੀਦ ਜਤਾਈ ਕਿ ਸ. ਚਰਨ ਸਿੰਘ ਦੀ ਯੋਗ ਅਗਵਾਈ ਹੇਠ ਰੋਟਰੀ ਡਿਸਟ੍ਰਿਕਟ 3090 ਪੰਜਾਬ ਵਿੱਚ ਸਮਾਜ ਭਲਾਈ ਦੇ ਕਾਰਜਾਂ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਵੇਗਾ ਅਤੇ ਲੋਕ ਸੇਵਾ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕਰੇਗਾ।
Related