
Skip to content

ਕਾਮਨਵੈਲਥ ਖੇਡਾਂ 2026: ਸ਼ਰਮਿਲਾ ਧਨਖੜ ਨੇ ਪੈਰਾ ਸ਼ਾਟ ਪੁੱਟ ਵਿੱਚ ਜਿੱਤਿਆ ਸੋਨ ਤਗਮਾ, ਭਾਰਤ ਦੇ ਖਾਤੇ ‘ਚ ਦੂਜਾ ਗੋਲਡ
ਗਲਾਸਗੋ (ਅਰਸ਼ਦੀਪ ਸਿੰਘ ਕਾਲੜਾ) :- ਕਾਮਨਵੈਲਥ ਖੇਡਾਂ 2026 ਵਿੱਚ ਭਾਰਤ ਦੀ ਪੈਰਾ ਐਥਲੀਟ ਸ਼ਰਮਿਲਾ ਧਨਖੜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਔਰਤਾਂ ਦੇ ਪੈਰਾ ਸ਼ਾਟ ਪੁੱਟ F57 ਮੁਕਾਬਲੇ ਵਿੱਚ ਸੋਨ ਤਗਮਾ ਆਪਣੇ ਨਾਂ ਕਰ ਲਿਆ। ਸ਼ਰਮਿਲਾ ਨੇ 9.81 ਮੀਟਰ ਦਾ ਸੀਜ਼ਨ ਦਾ ਸਰਵੋਤਮ ਥ੍ਰੋਅ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੇਸ਼ ਦਾ ਮਾਣ ਵਧਾਇਆ। ਇਹ ਮੌਜੂਦਾ ਕਾਮਨਵੈਲਥ ਖੇਡਾਂ ਵਿੱਚ ਭਾਰਤ ਦਾ ਦੂਜਾ ਸੋਨ ਤਗਮਾ ਹੈ।
ਇਸੇ ਮੁਕਾਬਲੇ ਵਿੱਚ ਭਾਰਤ ਦੀ ਸ਼ਿਲਪਾ ਕੇ. ਸ਼ਾਇਲਾ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ। ਇਸ ਸਫਲਤਾ ਨਾਲ ਭਾਰਤ ਦੀ ਕੁੱਲ ਮੈਡਲ ਗਿਣਤੀ 10 ਹੋ ਗਈ ਹੈ ਅਤੇ ਭਾਰਤੀ ਟੀਮ ਅੰਕ ਸੂਚੀ ਵਿੱਚ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ।
ਉੱਥੇ ਹੀ, ਆਸਟ੍ਰੇਲੀਆ 26 ਸੋਨ ਤਗਮਿਆਂ ਸਮੇਤ ਕੁੱਲ 59 ਮੈਡਲਾਂ ਨਾਲ ਤਮਗਾ ਸੂਚੀ ਵਿੱਚ ਪਹਿਲੇ ਸਥਾਨ ‘ਤੇ ਬਣਿਆ ਹੋਇਆ ਹੈ।
ਹੋਰ ਮੁਕਾਬਲਿਆਂ ਵਿੱਚ ਵੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਰਵੇਸ਼ ਕੁਸ਼ਾਰੇ ਨੇ ਹਾਈ ਜੰਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਵੇਟਲਿਫਟਿੰਗ ਦੇ 79 ਕਿਲੋਗ੍ਰਾਮ ਵਰਗ ਵਿੱਚ ਅਜੇ ਬਾਬੂ ਨੇ ਵੀ ਸਿਲਵਰ ਮੈਡਲ ਆਪਣੇ ਨਾਂ ਕੀਤਾ।
ਇਸ ਤੋਂ ਇਲਾਵਾ, ਬਿੰਦਿਆਰਾਨੀ ਦੇਵੀ ਨੇ 58 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਗਿਆਨੇਸ਼ਵਰੀ ਯਾਦਵ ਨੇ 53 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਮੈਡਲ ਪਾਇਆ।
ਭਾਰਤੀ ਖਿਡਾਰੀਆਂ ਦੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਮਨਵੈਲਥ ਖੇਡਾਂ ਵਿੱਚ ਦੇਸ਼ ਦੀਆਂ ਉਮੀਦਾਂ ਹੋਰ ਮਜ਼ਬੂਤ ਹੋ ਗਈਆਂ ਹਨ ਅਤੇ ਆਉਣ ਵਾਲੇ ਮੁਕਾਬਲਿਆਂ ਵਿੱਚ ਵੀ ਹੋਰ ਤਮਗਿਆਂ ਦੀ ਆਸ ਜਤਾਈ ਜਾ ਰਹੀ ਹੈ।

Related