ਮੀਰੀ-ਪੀਰੀ ਖਾਲਸਾ ਮਾਰਚ ਦੇ ਸਵਾਗਤ ਲਈ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਅਹਿਮ ਮੀਟਿੰਗ, ਪ੍ਰਬੰਧਾਂ ਨੂੰ ਦਿੱਤਾ ਅੰਤਿਮ ਰੂਪ

ਜਤਿੰਦਰ ਪਿੰਕਲ, ਫ਼ਿਰੋਜ਼ਪੁਰ :- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ “ਮੀਰੀ-ਪੀਰੀ ਖਾਲਸਾ ਮਾਰਚ” ਦੇ 29 ਜੁਲਾਈ 2026 ਨੂੰ ਗੁਰਦੁਆਰਾ ਜਾਮਨੀ ਸਾਹਿਬ, ਬਜੀਦਪੁਰ ਵਿਖੇ ਰਾਤ ਦੇ ਵਿਸ਼ਰਾਮ ਅਤੇ 30 ਜੁਲਾਈ ਨੂੰ ਫਿਰੋਜ਼ਪੁਰ ਪਹੁੰਚਣ ਮੌਕੇ ਕੀਤੇ ਜਾਣ ਵਾਲੇ ਸਵਾਗਤ ਅਤੇ ਹੋਰ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਖਾਲਸਾ ਮਾਰਚ ਦੇ ਸਵਾਗਤ, ਸੰਗਤਾਂ ਦੀ ਸਹੂਲਤ, ਲੰਗਰ, ਆਵਾਜਾਈ, ਪਾਰਕਿੰਗ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੀਰੀ-ਪੀਰੀ ਦਾ ਸਿਧਾਂਤ ਸਿੱਖ ਧਰਮ ਦੀ ਮਹਾਨ ਵਿਰਾਸਤ ਅਤੇ ਸਿੱਖ ਇਤਿਹਾਸ ਦਾ ਅਟੁੱਟ ਅੰਗ ਹੈ। ਇਸ ਇਤਿਹਾਸਕ ਮਾਰਚ ਦੇ ਸਵਾਗਤ ਲਈ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਹਰ ਵਰਗ ਵੱਲੋਂ ਸੇਵਾ ਦੀ ਭਾਵਨਾ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਮੀਰੀ-ਪੀਰੀ ਖਾਲਸਾ ਮਾਰਚ ਵਿੱਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜਨ ਅਤੇ ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਇਸ ਮੌਕੇ ਜੋਗਿੰਦਰ ਸਿੰਘ ਜਿੰਦੂ (ਹਲਕਾ ਇੰਚਾਰਜ ਫਿਰੋਜ਼ਪੁਰ ਦਿਹਾਤੀ ਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਸ਼੍ਰੋਮਣੀ ਅਕਾਲੀ ਦਲ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ, ਜਥੇਦਾਰ ਸਤਪਾਲ ਸਿੰਘ ਤਲਵੰਡੀ ਭਾਈ, ਜਥੇਦਾਰ ਪ੍ਰਤੀਮ ਸਿੰਘ ਮਾਲਸੀਆਂ, ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ, ਨਵਨੀਤ ਕੁਮਾਰ ਗੋਰਾ (ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ), ਪਰਮਜੀਤ ਸਿੰਘ ਕਲਸੀ, ਦਵਿੰਦਰ ਕਲਸੀ, ਦਿਲਬਾਗ ਸਿੰਘ ਵਿਰਕ, ਗੁਰਨਾਮ ਸਿੰਘ ਸੈਦੇ ਕੇ ਰੋਹੇਲਾ, ਆਸ਼ੂ ਕਪਾਹੀ, ਬੰਟੀ ਸ਼ਰਮਾ, ਰਾਮਦਰਸ਼ਨ ਸ਼ਰਮਾ, ਜ਼ੋਰਾਵਰ ਸਿੰਘ, ਬਲਕਾਰ ਸਿੰਘ ਢਿੱਲੋਂ, ਲਖਬੀਰ ਸਿੰਘ, ਬਲਵਿੰਦਰ ਸਿੰਘ ਪੱਪੂ, ਕੁਲਵਿੰਦਰ ਸਿੰਘ ਪੀ.ਏ., ਨਰਿੰਦਰ ਜੋਸਨ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

ਗੁਰਦੁਆਰਾ ਜਾਮਨੀ ਸਾਹਿਬ ਦੇ ਮੈਨੇਜਰ ਸ੍ਰੀ ਤੇਜਬੀਰ ਸਿੰਘ ਮਲਸੀਆਂ ਨੇ ਮਾਰਚ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਦੀ ਸਹੂਲਤ ਅਤੇ ਮੀਰੀ-ਪੀਰੀ ਖਾਲਸਾ ਮਾਰਚ ਦੇ ਸ਼ਾਨਦਾਰ ਅਤੇ ਸਤਿਕਾਰਯੋਗ ਸਵਾਗਤ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਧਾਰਮਿਕ ਸਮਾਗਮ ਯਾਦਗਾਰੀ ਬਣੇਗਾ।