ਸੜਕ ਦੀ ਖਸਤਾ ਹਾਲਤ ਖ਼ਿਲਾਫ਼ ਅਧਿਆਪਕ ਜਥੇਬੰਦੀਆਂ ਦਾ ਰੋਸ, ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਜਤਿੰਦਰ ਪਿੰਕਲ, ਫ਼ਿਰੋਜ਼ਪੁਰ :- ਫ਼ਿਰੋਜ਼ਪੁਰ ਸ਼ਹਿਰ ਤੋਂ ਕੱਚਾ ਜ਼ੀਰਾ ਰੋਡ (ਆਸਲ ਫਾਟਕ ਤੱਕ) ਦੀ ਦਿਨੋ-ਦਿਨ ਵਿਗੜ ਰਹੀ ਹਾਲਤ ਨੂੰ ਲੈ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਂ ਇੱਕ ਮੰਗ ਪੱਤਰ ਸੁਪਰਡੈਂਟ ਰਾਜਵਿੰਦਰ ਕੌਰ ਨੂੰ ਸੌਂਪਿਆ ਗਿਆ। ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੜਕ ਦੀ ਤੁਰੰਤ ਮੁਰੰਮਤ ਸ਼ੁਰੂ ਨਾ ਕੀਤੀ ਗਈ ਤਾਂ ਉਹ ਮਜ਼ਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ।

ਅਧਿਆਪਕ ਆਗੂਆਂ ਨੇ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਤੋਂ ਆਸਲ ਪਿੰਡ ਦੇ ਫਾਟਕ ਤੱਕ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ। ਥਾਂ-ਥਾਂ ਡੂੰਘੇ ਟੋਏ ਬਣ ਜਾਣ ਕਾਰਨ ਹਰ ਰੋਜ਼ ਹਜ਼ਾਰਾਂ ਵਾਹਨ ਚਾਲਕਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤ ਦੇ ਮੌਸਮ ਵਿੱਚ ਟੋਇਆਂ ਵਿੱਚ ਪਾਣੀ ਭਰਨ ਕਾਰਨ ਸੜਕ ਦੀ ਅਸਲ ਹਾਲਤ ਨਜ਼ਰ ਨਹੀਂ ਆਉਂਦੀ, ਜਿਸ ਨਾਲ ਹਰ ਵੇਲੇ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਰਸਤੇ ਤੋਂ ਰੋਜ਼ਾਨਾ ਕੈਰਲ ਕਾਨਵੈਂਟ ਸਕੂਲ, ਡੀ.ਸੀ.ਐੱਮ.ਆਈ. ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਸ਼ਹਾਲ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਆਸਲ, ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੂੰਬੜੀ ਵਾਲਾ, ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਸ਼ੇਰਖਾਂ, ਸਰਕਾਰੀ ਪ੍ਰਾਇਮਰੀ ਸਕੂਲ ਨਾਜੂ ਸ਼ਾਹ ਮਿਸ਼ਰੀ ਸਮੇਤ ਕਈ ਹੋਰ ਵਿਦਿਅਕ ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਆਵਾਜਾਈ ਕਰਦੇ ਹਨ। ਖਰਾਬ ਸੜਕ ਕਾਰਨ ਸਕੂਲਾਂ ਵਿੱਚ ਸਮੇਂ ਸਿਰ ਪਹੁੰਚਣਾ ਵੀ ਮੁਸ਼ਕਲ ਹੋ ਗਿਆ ਹੈ ਅਤੇ ਕੀਮਤੀ ਜਾਨਾਂ ਲਗਾਤਾਰ ਖ਼ਤਰੇ ਵਿੱਚ ਹਨ।

ਅਧਿਆਪਕ ਜਥੇਬੰਦੀਆਂ ਨੇ ਮੰਗ ਕੀਤੀ ਕਿ ਫ਼ਿਰੋਜ਼ਪੁਰ ਸ਼ਹਿਰ ਤੋਂ ਕੱਚਾ ਜ਼ੀਰਾ ਰੋਡ (ਆਸਲ ਫਾਟਕ ਤੱਕ) ਦਾ ਨਿਰਮਾਣ ਕੰਮ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਦੀ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸਮੂਹ ਅਧਿਆਪਕ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੌਕੇ ਹਰਜੀਤ ਸਿੰਘ ਸਿੱਧੂ, ਸਰਬਜੀਤ ਸਿੰਘ ਭਾਵੜਾ, ਪਰਮਜੀਤ ਸਿੰਘ ਪੰਮਾ, ਵਿਨੋਦ ਗੁਪਤਾ, ਮਨਰੀਤ ਸਿੰਘ, ਡਾ. ਸੁਮਿਤ ਹਾਰਵਾਨੀ, ਅਵਤਾਰ ਸਿੰਘ, ਗੁਰਵਿੰਦਰ ਸਿੰਘ ਮਠਾੜੂ, ਤਰਸੇਮ ਲਾਲ, ਤਜਿੰਦਰ ਕੌਰ ਸੋਢੀ, ਗੁਰਕੀਰਤ ਕੌਰ, ਸੁਨੀਤਾ ਰਾਣੀ, ਅੰਜੂ ਖੁੱਲਰ, ਕਾਜਲ ਮਲਹੋਤਰਾ, ਤਨੂ, ਨੀਤੂ ਨਰੂਲਾ, ਵਿਨੀ ਥਿੰਦ, ਰਵਿੰਦਰ ਸਿੰਘ ਲਾਡੀ, ਸੰਜੀਵ ਪੁਰੀ, ਗੁਰਬਚਨ ਸਿੰਘ ਭੁੱਲਰ, ਕੁਲਵੰਤ ਸਿੰਘ, ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਅਤੇ ਮੈਂਬਰ ਹਾਜ਼ਰ ਸਨ।