ਜਲੰਧਰ—ਜ਼ਿਲ੍ਹੇ ਵਿੱਚ ਕੋਵਿਡ-19 ਦੇ ਇਲਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਟੈਸਟ ਲਈ ਆਉਣ ਅਤੇ ਤੁਰੰਤ ਘਰ ਵਿੱਚ ਏਕਾਂਤਵਾਸ ਹੋਣ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਟੈਸਟ ਲਈ ਆਉਣ ਅਤੇ ਕੋਵਿਡ-19 ਦੇ ਸ਼ੱਕੀ ਮਰੀਜਾਂ ਨੂੰ ਸਿੱਧੇ ਘਰ ਵਿੱਚ ਏਕਾਂਤਵਾਸ ਹੋਣ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ।

    ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕਿਸੇ ਵੀ ਫਲੂ ਕਾਰਨਰ ‘ਤੇ ਸ਼ੱਕੀ ਮਰੀਜ਼ ਟੈਸਟ ਲਈ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਮਰੀਜ਼ ਨੂੰ ਸਵੈ ਘੋਸ਼ਣਾ ਦੇਣੀ ਹੋਵੇਗੀ ਕਿ ਉਸ ਪਾਸ ਘਰ ਵਿੱਚ ਏਕਾਂਤਵਾਸ ਰਹਿਣ ਲਈ ਲੋੜੀਂਦੀ ਸੁਵਿਧਾ ਮੌਜੂਦ ਹੈ ਅਤੇ ਉਸ ਨੂੰ ਕੋਈ ਹੋਰ ਦੂਜੀ ਬਿਮਾਰੀ ਨਹੀਂ ਹੈ ਅਤੇ ਉਸ ਦੀ ਦੂਜੀ ਬਿਮਾਰੀਆਂ ਕਾਬੂ ਹੇਠ ਹਨ।

    ਸ੍ਰੀ ਥੋਰੀ ਨੇ ਕਿਹਾ ਕਿ ਜੇਕਰ ਸ਼ੱਕੀ ਮਰੀਜ਼ ਪੋਜੀਟਿਵ ਪਾਇਆ ਜਾਂਦਾ ਹੈ , ਤਾਂ ਉਨ੍ਹਾਂ ਨੂੰ ਸੈਂਪਲ ਦੇਣ ਸਮੇਂ ਦਿੱਤੀ ਗਈ ਸਵੈ ਘੋਸ਼ਣਾ ਅਨੁਸਾਰ ਆਪਣੇ ਆਪ ਨੂੰ ਘਰ ਵਿੱਚ ਏਕਾਂਤਵਾਸ ਹੋਣਾ ਪਵੇਗਾ ਤੇ ਉਸ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸਿਹਤ ਦੀ ਸਥਿਤੀ ਦੀ ਜਾਂਚ ਕਰਨ ਵਾਲੀਆਂ ਟੀਮਾਂ ਵਲੋਂ ਨਿਯਮਤ ਤੌਰ ‘ਤੇ ਘਰ ਵਿੱਚ ਏਕਾਂਤਵਾਸ ਹੋਏ ਮਰੀਜ਼ ਵਲੋਂ ਦਿੱਤੀ ਗਈ ਸਹਿਮਤੀ ਅਨੁਸਾਰ ਜਾਂਚ ਲਈ ਦੌਰਾ ਕੀਤਾ ਜਾਂਦਾ ਰਹੇਗਾ।ਉਨ੍ਹਾਂ ਕਿਹਾ ਕਿ ਜੇਕਰ ਟੀਮ ਨੂੰ ਮਰੀਜ਼ ਦੀ ਸਿਹਤ ਸਥਿਤੀ ਵਿੱਚ ਕੁਝ ਗਿਰਾਵਟ ਨਜ਼ਰ ਆਉਂਦੀ ਹੈ ਤਾਂ ਮਰੀਜ਼ ਨੂੰ ਸਰਕਾਰੀ ਆਈਸੋਲੇਸ਼ਨ ਸਹੂਲਤ ਵਿੱਚ ਅਗਾਓਂ ਇਲਾਜ ਲਈ ਦਾਖਲ ਹੋਣਾ ਪਵੇਗਾ।

    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਕੋਈ ਵੀ ਕੋਵਿਡ-19 ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਵਿਅਕਤੀ ਜ਼ਿਲ੍ਹੇ ਦੇ ਕਿਸੇ ਵੀ ਫਲੂ ਕਾਰਨਰ ਵਿਖੇ ਟੈਸਟ ਲਈ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਟੈਸਟ ਲਈ ਆਉਣ ਵਾਲੇ ਹਰੇਕ ਮਰੀਜ਼ ਨੂੰ ਘਰ ਵਿੱਚ ਏਕਾਂਤਵਾਸ ਹੋਣ ਦੀ ਸਹੂਲਤ ਲੈਣ ਲਈ ਸਵੈ ਘੋਸ਼ਣਾ ਭਰ ਕੇ ਦੇਣੀ ਹੋਵੇਗੀ।

    ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ 22 ਫਲੂ ਕਾਰਨਰ ਬਣਾਏ ਗਏ ਹਨ, ਜਿਸ ਵਿੱਚ ਸ਼ਹਿਰੀ ਖੇਤਰਾਂ ਵਿੱਚ ਅੱਠ ਅਤੇ ਪੇਂਡੂ ਖੇਤਰਾਂ ਵਿੱਚ 14 ਫਲੂ ਕਾਰਨਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸ਼ੱਕੀ ਮਰੀਜ਼ ਕੋਵਿਡ-19 ਦੇ ਟੈਸਟ ਲਈ ਕਿਸੇ ਵੀ ਫਲੂ ਕਾਰਨਰ ਵਿਖੇ ਜਾ ਸਕਦਾ ਹੈ।

    ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਔਖੀ ਘੜੀ ਵਿੱਚ ਹਰ ਮਰੀਜ਼ ਨੂੰ ਬਿਹਤਰ ਇਲਾਜ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਸੁਰੱਖਿਆ ਮਾਪਦੰਡਾਂ ਜਿਵੇਂ ਕਿ ਹੱਥਾਂ ਨੂੰ ਸਾਫ਼-ਸੁਥਰਾ ਰੱਖਣਾ, ਘਰੋਂ ਬਾਹਰ ਜਾਣ ਸਮੇਂ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦੇ ਹੋਏ ਘਰਾਂ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਕੇ ਸਰਕਾਰ ਨਾਲ ਕੋਵਿਡ-19 ਨੂੰ ਅਗੋਂ ਫੈਲਣ ਤੋਂ ਰੋਕਣ ਵਿੱਚ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ-19 ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਹ ਸਨਿਹਰੀ ਸਿਧਾਂਤ ਬਹੁਤ ਮਹੱਤਵਪੂਰਨ ਹਨ।