ਫ਼ਰੀਦਕੋਟ (ਵਿਪਨ ਮਿੱਤਲ) – ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਰਜਿ: ਫ਼ਰੀਦਕੋਟ ਵੱਲੋਂ ਅੰਤਰਰਾਜੀ ਟੂਰ, ਸੱਭਿਆਚਾਰਕ ਵਿਟਾਂਦਰੇ ਪ੍ਰੋਗਰਾਮ ਤਹਿਤ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਇਸ ਸੱਭਿਆਚਾਰਕ ਵਟਾਂਦਰੇ ਟੂਰ ’ਚ ਕਲੱਬ ਪ੍ਰਧਾਨ ਦੇ ਨਾਲ, ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ, ਪ੍ਰੋਗਰਾਮ ਕੋਆਰਡੀਨੇਟਰ ਨੈਬ ਸਿੰਘ ਪੁਰਬਾ ਅਤੇ ਸੀਨੀਅਰ ਸਲਾਹਕਾਰ ਗੁਰਮੇਲ ਸਿੰਘ ਜੱਸਲ ਸ਼ਾਮਲ ਸਨ। ਸੱਭਿਆਚਾਰਕ ਵਿਟਾਂਦਰੇ ਤਹਿਤ ਇਸ ਟੀਮ ਨੂੰ ਫ਼ਰੀਦਕੋਟ ਰੇਲਵੇ ਸਟੇਸ਼ਨ ਤੇ ਕਲੱਬ ਦੇ ਸਕੱਤਰ ਸ਼ਾਇਰ ਸੁਨੀਲ ਚੰਦਿਆਣਵੀ, ਕਲੱਬ ਦੇ ਸਲਾਹਕਾਰ ਇੰਜ.ਬਲਤੇਜ ਸਿੰਘ ਤੇਜੀ ਜੌੜਾ, ਕੈਸ਼ੀਅਰ ਖੁਸ਼ਵਿੰਦਰ ਸਿੰਘ ਹੈਪੀ, ਭੰਗੜਾ ਕੋਚ ਗੁਰਦਰਸ਼ਨ ਸਿੰਘ ਲਵੀ, ਸੀਨੀਅਰ ਕਲੱਬ ਮੈਂਬਰ ਅਮਰਜੀਤ ਸਿੰਘ ਸੇਖੋਂ, ਪੀ.ਆਰ.ਓ.ਜਸਬੀਰ ਸਿੰਘ ਜੱਸੀ, ਲੋਕ ਗਾਇਕ ਸੁਰਜੀਤ ਗਿੱਲ ਨੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਰਵਾਨਾ ਕੀਤਾ।ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਅਤੇ ਜਸਵਿੰਦਰ ਸਿੰਘ ਮਿੰਟੂ ਨੇ ਸਾਂਝੇ ਰੂਪ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਰਲਾ ਦੇ ਇਸ ਸੱਭਿਆਚਾਰਕ ਵਿਟਾਂਦਰੇ ਦੌਰੇ ਦੌਰਾਨ ਕੇਰਲ ਰਾਜ ਅੰਦਰ ਨੈਸ਼ਨਲ ਯੂਥ ਪ੍ਰੋਜੈਕਟ ਦੇ ਟਰੱਸਟੀ ਕਾਰੀਅਲ ਸੂ ਕੁਮਾਰ ਅਤੇ ਨੈਸ਼ਨਲ ਯੂਥ ਪ੍ਰੋਜੈਕਟ ਦੇ ਸਟੇਟ ਕਮੇਟੀ ਦੇ ਮੈਂਬਰ ਮਨੋਜ ਕੁਮਾਰ ਅਤੇ ਦੀਪਕ ਕੁਮਾਰ ਨੇ ਅਰਨਾ ਕੁਲਮ ਵਿਖੇ ਸਰਕਾਰੀ ਗੈਸਟ ਹਾਊਸ ’ਚ ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਦੇ ਮੈਂਬਰਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਨੂੰ ਆਖਿਆ ਤੇ ਉਨ੍ਹਾਂ ਨੂੰ ਕੇਰਲ ਰਾਜ ਦੇ ਸੱਭਿਆਚਾਰ ਬਾਰੇ ਅਹਿਮ ਜਾਣਕਾਰੀ ਦਿੱਤੀ। ਇਸ ਉਪਰੰਤ ਉਨ੍ਹਾਂ ਨੇ ਕਲੱਬ ਮੈਂਬਰਾਂ ਨੂੰ ਹਰੀ ਝੰਡੀ ਦੇ ਕੇ ਮੁਨਾਰ ਲਈ ਰਵਾਨਾ ਕੀਤਾ। ਮੁਨਾਰ ਕੇਰਲ ਰਾਜ ਦਾ ਪ੍ਰਸਿੱਧ ਪਹਾੜੀ ਸ਼ਹਿਰ ਹੈ। ਇੱਥੇ ਪੈਦਾ ਹੁੰਦੀ ਚਾਹ ਵਿਸ਼ਵ ਪ੍ਰਸਿੱਧ ਹੈ। ਮੁਨਾਰ ਵਿਖੇ ਕਲੱਬ ਮੈਂਬਰਾਂ ਨੇ ਈਕੋ ਵੈਲੀ ਚਾਹ ਦੇ ਬਾਗ ਚਾਹ ਬਣਾਉਣ ਵਾਲੀ ਫੈਕਟਰੀ, ਕੁਨਾਲ ਡੈਮ, ਫਲਾਵਰ ਵੈਲੀ ਅਤੇ ਵਿਸ਼ਵ ਪ੍ਰਸਿੱਧ ਅਧਰਾ ਪੱਲੀ ਝਰਨੇ ਦੀ ਖੂਬਸੂਰਤੀ ਨੂੰ ਆਪਣੇ ਅੱਖੀ ਤੱਕਿਆ। ਉਨਾਂ ਦੱਸਿਆ ਕਿ ਹੁਣ ਇਸ ਝਰਨੇ ਦਾ ਨਾਂ ਬਾਹੂਬਲੀ ਝਰਨਾ ਵੀ ਹੈ ਕਿਉਂਕਿ ਇੱਥੇ ਪ੍ਰਸਿੱਧ ਫਿਲਮ ਬਾਹੂਬਲੀ ਦੀ ਸ਼ੂਟਿੰਗ ਹੋਈ ਸੀ। ਇਸ ਉਪਰੰਤ ਕਲੱਬ ਮੈਂਬਰ ਸ਼ਹਿਰ ਐਲ. ਈ.ਪੀ.ਸੀ.ਗਏ ਜਿੱਥੇ ਉਹਨਾਂ ਨੇ ਵੈਨਕਾਡੂ ਝੀਲ ’ਚ ਬੋਟਿੰਗ ਦਾ ਨਜ਼ਾਰਾ ਲਿਆ ਅਤੇ ਐਲ.ਈ.ਪੀ.ਸੀ ਬੀਚ ਦੀ ਖੂਬਸੂਰਤੀ ਨੂੰ ਮਾਣਿਆ।ਇਸ ਉਪਰੰਤ ਕਲੱਬ ਮੈਂਬਰ ਜੁਟਾਯੂ ਅਰਥ ਸੈਂਟਰ ਗਏ ਜਿੱਥੇ ਉਹਨਾਂ ਨੇ ਸ੍ਰੀ ਰਾਮ ਚੰਦਰ ਜੀ ਮਹਾਰਾਜ ਨਾਲ ਸਬੰਧਿਤ ਪਵਿੱਤਰ ਸਥਾਨ ਦਾ ਦੌਰਾ ਕੀਤਾ। ਇਸ ਉਪਰੰਤ ਕਲੱਬ ਮੈਂਬਰ ਕੇਰਲ ਦੀ ਰਾਜਧਾਨੀ ਤਿਰੂਵੰਤਪੁਰਮ ਪਹੁੰਚੇ ਜਿੱਥੇ ਉਨ੍ਹਾਂ ਨੇ ਪੂਵਰ ਆਈਲੈਂਡ ਅਤੇ ਗੋਲਡਨ ਸੈਂਡ ਬੀਚ ਆਈਲੈਂਡ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਬੈਕ ਵਾਟਰ ਪੁਆਇੰਟ ਵੀ ਦੇਖਿਆ ਜਿੱਥੇ ਦਰਿਆ ਦਾ ਪਾਣੀ ਅਰਬ ਸਾਗਰ ’ਚ ਰਲ ਰਿਹਾ ਸੀ ਅਤੇ ਨਾਲ ਹੀ ਬੋਟਿੰਗ ਰਾਹੀਂ ਮੈਗਰੋਵ ਦੇ ਜੰਗਲਾਂ ਦੇ ਪ੍ਰਕਿਰਤਿਕ ਨਜ਼ਾਰਿਆਂ ਨੂੰ ਬਹੁਤ ਨੇੜੇ ਹੋ ਕੇ ਤੱਕਿਆ। ਇਸ ਉਪਰੰਤ ਕਲੱਬ ਮੈਂਬਰ ਆਪਣੇ ਆਖਰੀ ਪੜਾਅ ਕੰਨਿਆ ਕੁਮਾਰੀ ਲਈ ਰਵਾਨਾ ਹੋਏ, ਜਿੱਥੇ ਉਹਨਾਂ ਨੇ ਕੰਨਿਆ ਕੁਮਾਰੀ ਦੇ ਇਤਿਹਾਸਿਕ ਮੰਦਰ ’ਚ ਦਰਸ਼ਨ ਕਰਨ ਉਪਰੰਤ ਅਧਿਆਤਮਿਕ ਗੁਰੂ ਸੁਆਮੀ ਵਿਵੇਕਾਨੰਦ ਸਮਾਰਕ ਦੇ ਦਰਸ਼ਨ ਕੀਤੇ ਤੇ ਇਥੋਂ ਥਰੂ ਵੱਲਰ ਸਮਾਰਕ ਵੱਲ ਜਾਣ ਲਈ ਗਿਲਾਸ ਬਿ੍ਰਜ ਰਾਹੀਂ ਹੋ ਕੇ ਪਹੁੰਚੇ ਇੱਥੇ ਕਲੱਬ ਮੈਂਬਰਾਂ ਨੇ ਕੁਝ ਚਿਰ ਧਿਆਨ ਸਾਧਨਾ ਵੀ ਕੀਤੀ। ਕਲੱਬ ਮੈਂਬਰਾਂ ਨੇ ਕਰੂਜ ਦੀ ਸੈਰ ਕੀਤੀ ਤੇ ਕੰਨਿਆ ਕੁਮਾਰੀ ਦੇ ਮਹੱਤਵਪੂਰਨ ਸਥਾਨ ਤਿ੍ਰਵੈਣੀ ਸੰਗਮ ਅਤੇ ਸਨ ਸੈਟ ਪੁਆਇੰਟ ਦਾ ਨਜ਼ਾਰਾ ਰੱਜ ਕੇ ਮਾਣਿਆ। ਕਲੱਬ ਪ੍ਰਧਾਨ ਨੇ ਦੱਸਿਆ ਕਿ ਕਲੱਬ ਵੱਲੋਂ ਸਮੇਂ-ਸਮੇਂ ਸਿਰ ਵੱਖ-ਵੱਖ ਰਾਜਾਂ ਦਾ ਦੌਰਾ ਕਰਕੇ ਉਥੋਂ ਦੇ ਸੱਭਿਆਚਾਰ, ਖਾਣ-ਪੀਣ ਤੇ ਰਹਿਣ-ਸਹਿਣ ਦੇ ਢੰਗ ਤਰੀਕਿਆਂ ਨੂੰ ਬੜੇ ਨੇੜੇ ਹੋ ਕੇ ਤੱਕਿਆ ਹੈ। ਇਸ ਨਾਲ ਆਪਸੀ ਭਾਈਚਾਰੇ ਦੀ ਸਾਂਝ ਬੜੀ ਗੂੜੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ’ਚ ਵੀ ਕਲੱਬ ਵੱਲੋਂ ਅਜਿਹੇ ਸਦਭਾਵਨਾ ਦੌਰੇ ਜਾਰੀ ਰਹਿਣਗੇ ਤਾਂ ਜੋ ਭਾਰਤ ਦੇਸ਼ ਦੇ ਵੱਖ-ਵੱਖ ਰੰਗ ਦੇਖੇ ਜਾ ਸਕਣ। ਕਲੱਬ ਟੀਮ ਦੀ ਸਫਲਤਾ ਨਾਲ ਦੌਰੇ ਤੋਂ ਵਾਪਸੀ ਮੌਕੇ 30 ਜੂਨ ਨੂੰ ਸਵੇਰੇ 5:00 ਵਜੇ ਰੇਲਵੇ ਸਟੇਸ਼ਨ ਫ਼ਰੀਦਕੋਟ ਤੇ ਜਗਜੀਤ ਸਿੰਘ ਚਾਹਲ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ, ਪਾਲ ਸਿੰਘ ਸੰਧੂ, ਨਵਦੀਪ ਰਿੱਕੀ, ਲਛਮਣ ਭਾਣਾ, ਭੁਪਿੰਦਰਪਾਲ ਸਿੰਘ, ਦਰਸ਼ਨ ਲਾਲ ਚੁੱਘ,ਧਰਮਿੰਦਰ ਸਿੰਘ, ਡਾ. ਇਕਬਾਲ ਸਿੰਘ,ਗੌਤਮ ਬਾਂਸਲ, ਗੁਰਵਿੰਦਰ ਸਿੰਘ ਭੁੱਲਰ, ਲੈਕਚਰਾਰ ਹਰਜੀਤ ਸਿੰਘ, ਸਵਰਨ ਸਿੰਘ ਵੰਗੜ,ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਹਰਮਿੰਦਰ ਸਿੰਘ ਮਿੰਦਾ,ਰਾਜਨ ਨਾਗਪਾਲ, ਰਣਜੀਤ ਸਿੰਘ ਘੁਮਾਣ, ਸੁਖਵਿੰਦਰ ਸਿੰਘ ਸੁੱਖਾ, ਸਵਰਨ ਸਿੰਘ ਰੋਮਾਣਾ,ਤਰਸੇਮ ਕਟਾਰੀਆ ਮੈਂਬਰਾਂ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਸੱਭਿਆਚਾਰਕ ਵਿਟਾਂਦਰੇ ਤਹਿਤ ਭਾਰਤ ਦੇ ਵੱਖ-ਵੱਖ ਰਾਜਾਂ ਦੇ ਕਲਾਕਾਰ ਅਤੇ ਸਮਾਜ ਸੇਵੀ ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਰਾਹੀਂ ਪੰਜਾਬ ਦੇ ਰੰਗਲੇ ਸੱਭਿਆਚਾਰਕ ਦੀ ਮਹਿਕ ਨੂੰ ਖੁਸ਼ੀ-ਖੁਸ਼ੀ ਮਾਣ ਚੁੱਕੇ ਹਨ।