ਬਸੀ ਪਠਾਣਾ (ਅਮਿਤ ਨਖਵਾਲ):  ਬਸੀ ਪਠਾਣਾ ਵਿੱਚ ਏ.ਟੀ.ਐਮ. ਕਾਰਡ ਬਦਲ ਕੇ ਇੱਕ ਵਿਅਕਤੀ ਨਾਲ 41,300 ਰੁਪਏ ਦੀ ਠੱਗੀ ਮਾਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਪੂਰੀ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੀੜਤ ਦੀ ਪਛਾਣ ਹੀਰਾ ਲਾਲ ਵਜੋਂ ਹੋਈ ਹੈ, ਜੋ ਬਸੀ ਪਠਾਣਾ ਦਾ ਰਹਿਣ ਵਾਲਾ ਹੈ ਅਤੇ ਸਾਊਂਡ ਸਿਸਟਮ ਦਾ ਕੰਮ ਕਰਦਾ ਹੈ। ਹੀਰਾ ਲਾਲ ਨੇ ਦੱਸਿਆ ਕਿ ਉਹ ਦੁੱਧ ਦੇ ਪੈਸੇ ਦੇਣ ਲਈ ਏ.ਟੀ.ਐਮ. ਤੋਂ ਨਕਦੀ ਕਢਵਾਉਣ ਗਿਆ ਸੀ। ਇਸ ਦੌਰਾਨ ਇੱਕ ਟੋਪੀ ਪਹਿਨਿਆ ਅਣਪਛਾਤਾ ਵਿਅਕਤੀ ਉਸ ਦੇ ਬਿਲਕੁਲ ਪਿੱਛੇ ਆ ਕੇ ਖੜ੍ਹਾ ਹੋ ਗਿਆ। ਪਿੱਛੇ ਹਟਣ ਲਈ ਕਹਿਣ ਦੇ ਬਾਵਜੂਦ ਉਹ ਵਿਅਕਤੀ ਉੱਥੇ ਹੀ ਖੜ੍ਹਾ ਰਿਹਾ।

ਜਿਵੇਂ ਹੀ ਹੀਰਾ ਲਾਲ ਨੇ ਏ.ਟੀ.ਐਮ. ਦਾ ਗੁਪਤ ਪਿੰਨ ਨੰਬਰ ਦਰਜ ਕਰਕੇ ਪੈਸੇ ਕੱਢੇ, ਉਸੇ ਸਮੇਂ ਇੱਕ ਹੋਰ ਵਿਅਕਤੀ ਵੀ ਏ.ਟੀ.ਐਮ. ਦੇ ਅੰਦਰ ਦਾਖਲ ਹੋ ਗਿਆ। ਦੋਵਾਂ ਠੱਗਾਂ ਨੇ ਚਲਾਕੀ ਨਾਲ ਹੀਰਾ ਲਾਲ ਦਾ ਅਸਲੀ ਏ.ਟੀ.ਐਮ. ਕਾਰਡ ਬਦਲ ਦਿੱਤਾ ਅਤੇ ਉਸ ਨੂੰ ਕੋਈ ਹੋਰ ਕਾਰਡ ਫੜਾ ਕੇ ਫਰਾਰ ਹੋ ਗਏ।

ਬਾਅਦ ਵਿੱਚ ਮੁਲਜ਼ਮਾਂ ਨੇ ਵੱਖ-ਵੱਖ ਥਾਵਾਂ ਤੋਂ ਹੀਰਾ ਲਾਲ ਦੇ ਖਾਤੇ ਵਿੱਚੋਂ ਕੁੱਲ 41,300 ਰੁਪਏ ਕੱਢ ਲਏ। ਪੀੜਤ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ।

ਮਾਮਲੇ ਸਬੰਧੀ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਚੌਂਕੀ ਸਿਟੀ ਬਸੀ ਪਠਾਣਾ ਦੇ ਇੰਚਾਰਜ ਜਗਦੀਪ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।