
Skip to content

ਨਵੀਂ ਦਿੱਲੀ (ਅਮਿਤ ਨਖਵਾਲ): ਭਾਰਤੀ ਜੋੜਿਆਂ ਵਿੱਚ ਵਿਦੇਸ਼ਾਂ ਵਿੱਚ ਡੈਸਟੀਨੇਸ਼ਨ ਵੈਡਿੰਗ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਸਾਲ 2025 ਦੌਰਾਨ ਸ਼੍ਰੀਲੰਕਾ ਇਸ ਲਈ ਸਭ ਤੋਂ
ਪਸੰਦੀਦਾ ਦੇਸ਼ ਬਣ ਕੇ ਉਭਰਿਆ ਹੈ। ‘ਵੈਡਮੀਗੁੱਡ’ ਦੀ ਡੈਸਟੀਨੇਸ਼ਨ ਵੈਡਿੰਗ ਰਿਪੋਰਟ 2026 ਮੁਤਾਬਕ, ਸ਼੍ਰੀਲੰਕਾ ਵਿੱਚ ਹੋਣ ਵਾਲੀਆਂ ਭਾਰਤੀ ਸ਼ਾਦੀਆਂ ਵਿੱਚ 25 ਫ਼ੀਸਦੀ ਦਾ ਵਾਧਾ
ਦਰਜ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ, ਭਾਰਤ ਦੇ ਨੇੜੇ ਹੋਣਾ, ਆਸਾਨ ਹਵਾਈ ਸੰਪਰਕ, ਸੁੰਦਰ ਸਮੁੰਦਰੀ ਤੱਟ ਅਤੇ ਆਲੀਸ਼ਾਨ ਹੋਟਲ ਸ਼੍ਰੀਲੰਕਾ ਨੂੰ ਭਾਰਤੀ ਪਰਿਵਾਰਾਂ ਲਈ ਖ਼ਾਸ ਆਕਰਸ਼ਕ ਬਣਾਉਂਦੇ ਹਨ। ‘ਵੈਡਮੀਗੁੱਡ’ ਦੀ ਸਹਿ-ਸੰਸਥਾਪਕ ਮਹਿਕ ਸ਼ਾਹਾਨੀ ਨੇ ਕਿਹਾ ਕਿ ਅੱਜ ਦੇ ਜੋੜੇ ਸਿਰਫ਼ ਸ਼ਾਨਦਾਰ ਸਮਾਰੋਹ ਨਹੀਂ, ਸਗੋਂ ਪਰਿਵਾਰ ਅਤੇ ਦੋਸਤਾਂ ਨਾਲ ਯਾਦਗਾਰ ਤਜਰਬੇ ਸਾਂਝੇ ਕਰਨ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਵਿਆਹਾਂ ਦੇ ਬਜਟ ਵੀ ਲਗਾਤਾਰ ਵੱਧ ਰਹੇ ਹਨ।
ਉੱਥੇ ਹੀ, ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਅਤੇ ਵਧੇ ਹੋਏ ਹਵਾਈ ਕਿਰਾਏ ਕਾਰਨ ਕੁਝ ਪਰਿਵਾਰ ਆਪਣੇ ਵਿਆਹ ਦੇ ਸਥਾਨਾਂ ‘ਤੇ ਮੁੜ ਵਿਚਾਰ ਕਰ ਰਹੇ ਹਨ। ਲਗਜ਼ਰੀ ਵੈਡਿੰਗ ਕੰਸਲਟਿੰਗ ਕੰਪਨੀ ‘ਟੇਲਰਮੇਡ ਐਕਸਪੀਰੀਐਂਸਜ਼’ ਦੇ ਸ਼ਸ਼ਾਂਕ ਗੁਪਤਾ ਨੇ ਦੱਸਿਆ ਕਿ ਭਾਵੇਂ ਇਸ ਸਬੰਧੀ ਕੋਈ ਅਧਿਕਾਰਤ ਅੰਕੜਾ ਨਹੀਂ ਹੈ, ਪਰ ਸ਼੍ਰੀਲੰਕਾ ਨੂੰ ਵਿਕਲਪ ਵਜੋਂ ਚੁਣਨ ਲਈ ਭਾਰਤੀ ਪਰਿਵਾਰਾਂ ਦੀ ਪੁੱਛਗਿੱਛ ਅਤੇ ਸਾਈਟ ਵਿਜ਼ਿਟ ਵਿੱਚ ਸਪੱਸ਼ਟ ਵਾਧਾ ਦੇਖਿਆ ਜਾ ਰਿਹਾ ਹੈ।
Related