ਮਾਰਚ ਦੀ ਆਮਦ ਦੇ ਨਾਲ ਹੀ ਕੁਦਰਤ ਨੇ ਆਪਣਾ ਕਰੂਰ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉੱਤਰਾਖੰਡ ਦੇ ਚਮੋਲੀ ਦੇ ਮਾਨਾ ‘ਚ ਗਲੇਸ਼ੀਅਰ ਫਟਣ ਅਤੇ ਹਿਮਾਚਲ ਪ੍ਰਦੇਸ਼ ‘ਚ ਦੋ ਦਿਨ ਪਹਿਲਾਂ ਬੱਦਲ ਫਟਣ ਕਾਰਨ ਹੋਈ ਤਬਾਹੀ ਦਾ ਦਰਦ ਅਜੇ ਲੋਕ ਭੁੱਲੇ ਨਹੀਂ ਹਨ ਕਿ ਮੌਸਮ ਵਿਭਾਗ ਨੇ ਨਵੀਂ ਚਿਤਾਵਨੀ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਵੱਲੋਂ 3 ਮਾਰਚ ਨੂੰ ਹਿਮਾਚਲ ਪ੍ਰਦੇਸ਼ ‘ਚ ਕੁਝ ਥਾਵਾਂ ‘ਤੇ ਭਾਰੀ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਸਥਾਨਕ ਮੌਸਮ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਮੌਸਮ ਦੀ ਇਹ ਚਿਤਾਵਨੀ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਸੂਬੇ ‘ਚ ਜ਼ਿਆਦਾਤਰ ਥਾਵਾਂ ‘ਤੇ ਮੌਸਮ ਖੁਸ਼ਕ ਹੈ ਅਤੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ ‘ਚ ਵਾਧਾ ਦਰਜ ਕੀਤਾ ਗਿਆ।ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ 26, 27 ਅਤੇ 28 ਫਰਵਰੀ ਨੂੰ ਭਾਰੀ ਬਰਫਬਾਰੀ ਅਤੇ ਬਾਰਿਸ਼ ਦੇ ਪ੍ਰਭਾਵ ਕਾਰਨ ਚੰਬਾ, ਕਾਂਗੜਾ ਅਤੇ ਲਾਹੌਲ ਅਤੇ ਸਪੀਤੀ ਲਈ 3 ਮਾਰਚ ਨੂੰ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਰਾਜ ਵਿੱਚ 365 ਸੜਕਾਂ ਅਤੇ ਤਿੰਨ ਰਾਸ਼ਟਰੀ ਰਾਜਮਾਰਗ ਅਜੇ ਵੀ ਬੰਦ ਹਨ ਅਤੇ 1,377 ਬਿਜਲੀ ਟਰਾਂਸਫਾਰਮਰ ਅਤੇ 269 ਜਲ ਸਪਲਾਈ ਸਿਸਟਮ ਪ੍ਰਭਾਵਿਤ ਹੋਏ ਹਨ। ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਸੜਕਾਂ ਸਮੇਤ ਨੁਕਸਾਨੀਆਂ ਗਈਆਂ ਸਹੂਲਤਾਂ ਨੂੰ ਬਹਾਲ ਕਰਨ ਦਾ ਕੰਮ ਐਤਵਾਰ ਨੂੰ ਵੀ ਜਾਰੀ ਰਿਹਾ।
ਉਨ੍ਹਾਂ ਕਿਹਾ ਕਿ ਕੁਝ ਥਾਵਾਂ ‘ਤੇ ਬਰਫ਼ ਦੇ ਤੋਦੇ ਡਿੱਗੇ, ਪਰ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਉਧਰ, ਕਬਾਇਲੀ ਇਲਾਕੇ ਪੰਗੀ ਘਾਟੀ ਵਿੱਚ ਸਚ ਦੇ ਕੋਲ ਸੰਤ ਰਾਮ ਨਾਮ ਦਾ ਵਿਅਕਤੀ ਜੋਧ ਡਰੇਨ ਵਿੱਚ ਡਿੱਗ ਗਿਆ। ਨੇਗੀ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਬੜੀ ਮਿਹਨਤ ਨਾਲ ਵਿਅਕਤੀ ਨੂੰ ਬਚਾਇਆ। ਉਸ ਨੇ ਦੱਸਿਆ ਕਿ ਸਰਕਾਰੀ ਹੈਲੀਕਾਪਟਰ ਸਚ ਨੂੰ ਭੇਜਿਆ ਗਿਆ ਅਤੇ ਵਿਅਕਤੀ ਨੂੰ ਕੁੱਲੂ ਲਿਜਾ ਕੇ ਹਸਪਤਾਲ ਦਾਖਲ ਕਰਵਾਇਆ ਗਿਆ।
ਅਘਰ, ਪਛੜ, ਜਾਟਾਨ ਬੈਰਾਜ, ਕੁਫਰੀ ਅਤੇ ਚੰਬਾ ਵਿੱਚ ਕ੍ਰਮਵਾਰ 17 ਮਿਲੀਮੀਟਰ, 15 ਮਿਲੀਮੀਟਰ, 3.4 ਮਿਲੀਮੀਟਰ, 3.2 ਮਿਲੀਮੀਟਰ ਅਤੇ 2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਰਾਜ ਦੇ ਹੋਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਿਹਾ। ਸੂਬੇ ਦਾ ਊਨਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 28.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਨੇ 3 ਮਾਰਚ ਨੂੰ ਸੂਬੇ ਦੇ ਵੱਖ-ਵੱਖ ਸਥਾਨਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫਬਾਰੀ, 4 ਮਾਰਚ ਨੂੰ ਕਈ ਥਾਵਾਂ ‘ਤੇ ਦਰਮਿਆਨੀ ਬਾਰਿਸ਼ ਜਾਂ ਬਰਫਬਾਰੀ ਅਤੇ 5 ਤੋਂ 8 ਮਾਰਚ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਉੱਤਰਾਖੰਡ ਵਿੱਚ ਵੀ ਪਹਾੜਾਂ ਵਿੱਚ ਮੌਸਮ ਖ਼ਰਾਬ ਹੈ। ਦੱਸਿਆ ਗਿਆ ਹੈ ਕਿ ਗਲੇਸ਼ੀਅਰ ਦੇ ਫਟਣ ਦਾ ਖਤਰਾ ਹੈ। ਚਾਰ ਧਾਮਾਂ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ‘ਚ ਕਾਫੀ ਬਰਫਬਾਰੀ ਹੋਈ ਹੈ। ਚਮੋਲੀ ਦੇ ਮਾਨਾ ‘ਚ ਗਲੇਸ਼ੀਅਰ ਫਟਣ ਦੀ ਘਟਨਾ ‘ਚ 8 ਮਜ਼ਦੂਰਾਂ ਦੀ ਮੌਤ ਹੋ ਗਈ ਹੈ।