
Skip to content

ਦਿੱਲੀ ‘ਚ ਨਵ-ਵਿਆਹੀ ਦੀ ਰਹੱਸਮਈ ਮੌਤ, ਦਾਜ ਮੌਤ ਦੇ ਮਾਮਲੇ ‘ਚ ਪਤੀ ਗ੍ਰਿਫ਼ਤਾਰ
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਦਿੱਲੀ ਦੇ ਲੋਧੀ ਕਲੋਨੀ ਇਲਾਕੇ ਵਿੱਚ ਨਵੀਂ ਦਿੱਲੀ ਨਗਰ ਪ੍ਰੀਸ਼ਦ (ਐਨ.ਡੀ.ਐਮ.ਸੀ.) ਦੇ ਰਿਹਾਇਸ਼ੀ ਫਲੈਟ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ 28 ਸਾਲਾ ਨਵ-ਵਿਆਹੀ ਔਰਤ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕਾ ਦੇ ਪਰਿਵਾਰ ਨੇ ਪਤੀ ਅਤੇ ਸਹੁਰਾ ਪਰਿਵਾਰ ‘ਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਕਤਲ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਮ੍ਰਿਤਕਾ ਦੀ ਪਛਾਣ ਆਕ੍ਰਿਤੀ, ਵਾਸੀ ਪੁਸ਼ਪ ਵਿਹਾਰ, ਵਜੋਂ ਹੋਈ ਹੈ। ਪੁਲਿਸ ਮੁਤਾਬਕ ਸ਼ਨੀਵਾਰ ਨੂੰ ਉਹ ਪਾਲਿਕਾ ਕੁੰਜ ਸਥਿਤ ਐਨ.ਡੀ.ਐਮ.ਸੀ. ਫਲੈਟਾਂ ਦੇ ਬੀ-ਬਲਾਕ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਉਸ ਨੂੰ ਤੁਰੰਤ ਏਮਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਆਕ੍ਰਿਤੀ ਦਾ ਵਿਆਹ ਇਸ ਸਾਲ 24 ਅਪ੍ਰੈਲ ਨੂੰ ਹੋਇਆ ਸੀ ਅਤੇ ਉਹ ਛੱਤਰਪੁਰ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਸੇਲਜ਼ ਐਗਜ਼ੀਕਿਊਟਿਵ ਵਜੋਂ ਕੰਮ ਕਰਦੀ ਸੀ।
ਪੁਲਿਸ ਨੇ ਦੱਸਿਆ ਕਿ ਲੋੜੀਂਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਲੋਧੀ ਕਲੋਨੀ ਥਾਣੇ ਵਿੱਚ ਦਾਜ ਮੌਤ ਨਾਲ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕਾ ਦੇ ਪਤੀ ਅਰਸਤੂ ਸਿੱਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਕਿਉਂਕਿ ਮੌਤ ਵਿਆਹ ਦੇ ਸੱਤ ਸਾਲਾਂ ਦੇ ਅੰਦਰ ਹੋਈ ਹੈ, ਇਸ ਲਈ ਮਾਮਲੇ ਦੀ ਜਾਂਚ ਲਈ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਨੂੰ ਵੀ ਸੂਚਿਤ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਦੂਜੇ ਪਾਸੇ, ਮ੍ਰਿਤਕਾ ਦੇ ਪਰਿਵਾਰ ਨੇ ਖੁਦਕੁਸ਼ੀ ਦੀ ਸੰਭਾਵਨਾ ਨੂੰ ਸਿਰੇ ਤੋਂ ਨਕਾਰਦਿਆਂ ਦੋਸ਼ ਲਗਾਇਆ ਹੈ ਕਿ ਆਕ੍ਰਿਤੀ ਦਾ ਦਾਜ ਲਈ ਕਤਲ ਕੀਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਹੀ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਦਾਜ ਦੀ ਮੰਗ ਕਰਕੇ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ।
ਆਕ੍ਰਿਤੀ ਦੇ ਭਰਾ ਨੇ ਇਹ ਵੀ ਦੋਸ਼ ਲਗਾਇਆ ਕਿ ਘਟਨਾ ਨੂੰ ਖੁਦਕੁਸ਼ੀ ਦਾ ਰੂਪ ਦੇ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਿਵਾਰ ਅਨੁਸਾਰ ਇਹ ਪ੍ਰੇਮ ਵਿਆਹ ਸੀ, ਜਿਸ ਨੂੰ ਦੋਵੇਂ ਪਰਿਵਾਰਾਂ ਦੀ ਸਹਿਮਤੀ ਮਿਲੀ ਹੋਈ ਸੀ। ਵਿਆਹ ਨੂੰ ਸਿਰਫ਼ ਢਾਈ ਮਹੀਨੇ ਹੀ ਹੋਏ ਸਨ, ਜਿਸ ਕਾਰਨ ਆਕ੍ਰਿਤੀ ਦੀ ਮੌਤ ਨੂੰ ਲੈ ਕੇ ਪਰਿਵਾਰ ਨੇ ਗੰਭੀਰ ਸ਼ੱਕ ਜਤਾਇਆ ਹੈ।

Related