
Skip to content

ਫਤਿਹਪੁਰ ਬਿਲੋਚ ‘ਚ ਪੁਰਾਣੀ ਰੰਜਿਸ਼ ਨੇ ਲਈ ਨੌਜਵਾਨ ਦੀ ਜਾਨ, ਸਕਾਰਪੀਓ ਨਾਲ ਟੱਕਰ ਮਾਰ ਕੇ ਕਤਲ ਦਾ ਦੋਸ਼
ਫਤਿਹਪੁਰ ਬਿਲੋਚ (ਅਰਸ਼ਦੀਪ ਸਿੰਘ ਕਾਲੜਾ) :- ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਬਿਲੋਚ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ 21 ਸਾਲਾ ਨੌਜਵਾਨ ਤਰੁਣ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਇੱਕ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਜਾਣਬੁੱਝ ਕੇ ਸਕਾਰਪੀਓ ਨਾਲ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਕਤਲ ਕੀਤਾ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਾਲੀ ਸਕਾਰਪੀਓ ਬਾਈਕ ਸਵਾਰ ਨੂੰ ਜ਼ੋਰਦਾਰ ਟੱਕਰ ਮਾਰਦੀ ਨਜ਼ਰ ਆ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਤਰੁਣ ਫਰੀਦਾਬਾਦ ਦੇ ਆਈਐਮਟੀ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਸ਼ਨੀਵਾਰ ਰਾਤ ਉਹ ਆਪਣੇ ਦੋਸਤਾਂ ਨਾਲ ਪਿੰਡ ਵਿੱਚ ਇੱਕ ਬਿਲਡਿੰਗ ਮਟੀਰੀਅਲ ਦੀ ਦੁਕਾਨ ‘ਤੇ ਪਾਰਟੀ ਕਰਨ ਤੋਂ ਬਾਅਦ ਮੋਟਰਸਾਈਕਲ ਰਾਹੀਂ ਘਰ ਵਾਪਸ ਜਾ ਰਿਹਾ ਸੀ। ਇਸੇ ਦੌਰਾਨ ਸਾਹਮਣੇ ਤੋਂ ਆ ਰਹੀ ਕਾਲੀ ਸਕਾਰਪੀਓ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ।
ਚਸ਼ਮਦੀਦਾਂ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਤਰੁਣ ਅਤੇ ਉਸ ਦੀ ਮੋਟਰਸਾਈਕਲ ਕਰੀਬ 20 ਮੀਟਰ ਦੂਰ ਜਾ ਡਿੱਗੇ। ਬਾਈਕ ਦੇ ਅਲਾਏ ਵੀਲ੍ਹ ਟੁੱਟ ਗਏ ਅਤੇ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੋਸਤਾਂ ਨੇ ਤੁਰੰਤ ਤਰੁਣ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਸਕਾਰਪੀਓ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਦੇ ਪਰਿਵਾਰ ਨੇ ਸਾਗਰ, ਵਿਕਾਸ ਅਤੇ ਨਾਰਾਇਣ ‘ਤੇ ਸਾਜ਼ਿਸ਼ ਤਹਿਤ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਗਰ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਦੋ ਦਿਨ ਪਹਿਲਾਂ ਹੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਆਮ ਸੜਕ ਹਾਦਸਾ ਨਹੀਂ, ਸਗੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤੀ ਗਈ ਸੋਚੀ-ਸਮਝੀ ਵਾਰਦਾਤ ਹੈ।
ਡੀਸੀਪੀ ਪ੍ਰਤੀਕ ਅਗਰਵਾਲ ਨੇ ਦੱਸਿਆ ਕਿ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਇੱਕ ਮੁਲਜ਼ਮ ਵਿਕਾਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਸਕਾਰਪੀਓ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related