ਘਰ ਬੁਲਾ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਹੱਥ-ਪੈਰ ਬੰਨ੍ਹ ਕੇ ਗਲਾ ਵੱਢਿਆ; ਮਹਿਲਾ ਤੇ ਪਰਿਵਾਰ ਸ਼ੱਕ ਦੇ ਘੇਰੇ ‘ਚ

ਫਰੀਦਕੋਟ (ਅਰਸ਼ਦੀਪ ਸਿੰਘ ਕਾਲੜਾ)  :- ਫਰੀਦਕੋਟ ਦੇ ਪਿੰਡ ਪਿਪਲੀ ਤੋਂ ਇੱਕ ਸਨਸਨੀਖੇਜ਼ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਫਰੀਦਕੋਟ ਸ਼ਹਿਰ ਦੇ ਰਹਿਣ ਵਾਲੇ ਕਰੀਬ 25-26 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਦੀ ਲਾਸ਼ ਇੱਕ ਘਰ ਵਿੱਚੋਂ ਬਰਾਮਦ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਉਸ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ। ਘਰ ਦੇ ਅੰਦਰੋਂ ਉਸ ਦਾ ਨਵਾਂ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਟੀਮ ਨੇ ਸਬੂਤ ਇਕੱਠੇ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਮ੍ਰਿਤਕ ਉਸ ਘਰ ਤੱਕ ਕਿਵੇਂ ਪਹੁੰਚਿਆ ਅਤੇ ਕਤਲ ਦੇ ਪਿੱਛੇ ਅਸਲ ਮਕਸਦ ਕੀ ਸੀ।

ਮੁੱਢਲੀ ਜਾਂਚ ਦੌਰਾਨ ਇੱਕ ਮਹਿਲਾ ਹਰਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਵਿੱਚ ਮਾਮਲਾ ਕਿਸੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਨੌਜਵਾਨ ਨੂੰ ਘਰ ਬੁਲਾ ਕੇ ਕਤਲ ਕਰਨ ਦਾ ਲੱਗਦਾ ਹੈ। ਹਾਲਾਂਕਿ ਪ੍ਰੇਮ ਸੰਬੰਧ ਜਾਂ ਕਿਸੇ ਪੁਰਾਣੀ ਰੰਜਿਸ਼ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਤਲ ਵਿੱਚ ਵਰਤੇ ਗਏ ਹਥਿਆਰ ਸਮੇਤ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕਤਲ ਦੇ ਕਾਰਨਾਂ ਅਤੇ ਦੋਸ਼ੀਆਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।