
Skip to content

ਦਿੱਲੀ ਦੰਗੇ 2020: ਯੂਏਪੀਏ ਮਾਮਲੇ ‘ਚ ਅਤਹਰ ਖਾਨ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਜ਼ਮਾਨਤ
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਦਿੱਲੀ ਹਾਈ ਕੋਰਟ ਨੇ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਜੁੜੇ ਕਥਿਤ “ਵੱਡੀ ਸਾਜ਼ਿਸ਼” ਮਾਮਲੇ ਵਿੱਚ ਮੁਲਜ਼ਮ ਅਤਹਰ ਖਾਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਪ੍ਰਤਿਭਾ ਐਮ. ਸਿੰਘ ਅਤੇ ਜਸਟਿਸ ਮਧੂ ਜੈਨ ਦੇ ਬੈਂਚ ਨੇ ਹੇਠਲੀ ਅਦਾਲਤ ਦੇ 29 ਜਨਵਰੀ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਅਤਹਰ ਦੀ ਅਪੀਲ ਖਾਰਜ ਕਰ ਦਿੱਤੀ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਨੁਸਾਰ ਅਤਹਰ ਖਾਨ ਉੱਤਰ-ਪੂਰਬੀ ਦਿੱਲੀ ਦੇ ਚਾਂਦ ਬਾਗ ਇਲਾਕੇ ਵਿੱਚ ਚੱਲੇ ਵਿਰੋਧ ਪ੍ਰਦਰਸ਼ਨਾਂ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸੀ। ਪੁਲਿਸ ਦਾ ਦੋਸ਼ ਹੈ ਕਿ ਉਸ ਨੇ ਭੜਕਾਊ ਭਾਸ਼ਣ ਦਿੱਤੇ, ਗੁਪਤ ਮੀਟਿੰਗਾਂ ਵਿੱਚ ਹਿੱਸਾ ਲਿਆ ਅਤੇ ਸੀਸੀਟੀਵੀ ਕੈਮਰਿਆਂ ਨੂੰ ਨਸ਼ਟ ਕਰਨ ਦੀ ਕਥਿਤ ਸਾਜ਼ਿਸ਼ ਵਿੱਚ ਵੀ ਸ਼ਾਮਲ ਸੀ। ਜਾਂਚ ਏਜੰਸੀ ਦੇ ਮੁਤਾਬਕ, ਉਸ ਨੇ ਇੱਕ ਮੀਟਿੰਗ ਦੌਰਾਨ ਕਥਿਤ ਤੌਰ ‘ਤੇ ਕਿਹਾ ਸੀ ਕਿ “ਦਿੱਲੀ ਨੂੰ ਸਾੜਨ ਦਾ ਸਮਾਂ ਆ ਗਿਆ ਹੈ।”
ਅਤਹਰ ਖਾਨ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਤਹਿਤ ਕੇਸ ਦਰਜ ਹੈ ਅਤੇ ਉਸ ਨੂੰ ਫਰਵਰੀ 2020 ਦੇ ਦੰਗਿਆਂ ਦੀ ਕਥਿਤ ਵੱਡੀ ਸਾਜ਼ਿਸ਼ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਫਰਵਰੀ 2020 ਦੇ ਦਿੱਲੀ ਦੰਗਿਆਂ ਵਿੱਚ 53 ਲੋਕਾਂ ਦੀ ਮੌਤ ਹੋਈ ਸੀ ਅਤੇ 700 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਇਸੇ ਮਾਮਲੇ ਵਿੱਚ ਕਾਰਕੁਨ ਸ਼ਰਜੀਲ ਇਮਾਮ, ਖਾਲਿਦ ਸੈਫੀ ਅਤੇ ਉਮਰ ਖਾਲਿਦ ਸਮੇਤ ਕਈ ਹੋਰਾਂ ਖ਼ਿਲਾਫ਼ ਵੀ ਦੋਸ਼ ਲਗਾਏ ਗਏ ਹਨ। ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਰ ਰਿਹਾ ਹੈ।

Related