ਜ਼ੀਰਾ ‘ਚ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਦਾ ਕਹਿਰ, ਸਕੂਟਰੀ ਸਵਾਰ ਦੀ ਮੌਕੇ ‘ਤੇ ਮੌਤ

ਫਿਰੋਜ਼ਪੁਰ (ਅਰਸ਼ਦੀਪ ਸਿੰਘ ਕਾਲੜਾ)  :- ਵਿਧਾਨ ਸਭਾ ਹਲਕਾ ਜ਼ੀਰਾ ਦੇ ਮਖੂ ਰੋਡ ‘ਤੇ ਮੰਗਲਵਾਰ ਦੁਪਹਿਰ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਕੂਟਰੀ ਸਵਾਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਨਿਊ ਦੀਪ ਬੱਸ ਨੇ ਕਥਿਤ ਤੌਰ ‘ਤੇ ਓਵਰਸਾਈਡ ਲੈਂਦਿਆਂ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਵਾਰ ਦੀ ਜਾਨ ਚਲੀ ਗਈ।

ਥਾਣਾ ਜ਼ੀਰਾ ਸਿਟੀ ਦੇ ਐਸਐਚਓ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ, ਵਾਸੀ ਪਿੰਡ ਮਹੀਆ ਸਿੰਘ ਵਾਲਾ ਖੁਰਦ ਵਜੋਂ ਹੋਈ ਹੈ। ਉਹ ਇੱਕ ਸਕੂਲ ਵਿੱਚ ਬੱਸ ਚਾਲਕ ਵਜੋਂ ਕੰਮ ਕਰਦਾ ਸੀ। ਹਾਦਸੇ ਵੇਲੇ ਉਹ ਆਪਣੀ ਸਕੂਟਰੀ ‘ਤੇ ਕਿਸੇ ਕੰਮ ਲਈ ਕਚਹਿਰੀਆਂ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਮੇਲ ਸਿੰਘ ਆਪਣੇ ਪਿੱਛੇ ਦੋ ਅਣਵਿਆਹੇ ਪੁੱਤਰ ਛੱਡ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਕੋਲ ਨਾ ਕੋਈ ਜ਼ਮੀਨ-ਜਾਇਦਾਦ ਹੈ ਅਤੇ ਨਾ ਹੀ ਆਮਦਨ ਦਾ ਹੋਰ ਕੋਈ ਸਾਧਨ, ਜਿਸ ਕਾਰਨ ਉਹ ਪ੍ਰਸ਼ਾਸਨ ਤੋਂ ਇਨਸਾਫ ਅਤੇ ਮਦਦ ਦੀ ਮੰਗ ਕਰ ਰਹੇ ਹਨ।

ਐਸਐਚਓ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਦਿਆਂ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।