
Skip to content

ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਲੁਧਿਆਣਾ ਦਾ ਜਵਾਨ ਸ਼ਹੀਦ, ਪਿੰਡ ਗਗੜਾ ‘ਚ ਸੋਗ ਦੀ ਲਹਿਰ
ਜਗਰਾਉਂ (ਅਰਸ਼ਦੀਪ ਸਿੰਘ ਕਾਲੜਾ) :- ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਨੇੜਲੇ ਪਿੰਡ ਗਗੜਾ ਦਾ ਭਾਰਤੀ ਫੌਜ ਦਾ ਜਵਾਨ ਸਿਪਾਹੀ ਸਿਕੰਦਰ ਸਿੰਘ (33) ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋ ਗਿਆ। ਜਿਵੇਂ ਹੀ ਉਨ੍ਹਾਂ ਦੀ ਬੇਵਕਤੀ ਮੌਤ ਦੀ ਖ਼ਬਰ ਜੱਦੀ ਪਿੰਡ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ, ਸਿਕੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਸਵੇਰੇ ਦਿੱਲੀ ਤੋਂ ਉਨ੍ਹਾਂ ਦੇ ਜੱਦੀ ਪਿੰਡ ਗਗੜਾ ਪਹੁੰਚੇਗੀ। ਉਨ੍ਹਾਂ ਦਾ ਅੰਤਿਮ ਸਸਕਾਰ ਸਵੇਰੇ 10 ਵਜੇ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸਿਕੰਦਰ ਸਿੰਘ ਭਾਰਤੀ ਫੌਜ ਦੀ 5 ਸਿੱਖ ਲਾਈਟ ਇਨਫੈਂਟਰੀ (5 ਸਿੱਖ ਐਲਆਈ) ਵਿੱਚ ਤਾਇਨਾਤ ਸਨ।
ਸਿਕੰਦਰ ਸਿੰਘ ਲਗਭਗ 16 ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਉਹ ਇੱਕ ਸਧਾਰਨ ਮਜ਼ਦੂਰ ਪਰਿਵਾਰ ਨਾਲ ਸਬੰਧਤ ਸਨ, ਪਰ ਮਾੜੇ ਆਰਥਿਕ ਹਾਲਾਤਾਂ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਮਿਹਨਤ ਨਾਲ ਫੌਜ ਵਿੱਚ ਵੱਖਰੀ ਪਛਾਣ ਬਣਾਈ। ਆਪਣੇ ਸਾਦੇ ਸੁਭਾਅ, ਡਿਊਟੀ ਪ੍ਰਤੀ ਸਮਰਪਣ ਅਤੇ ਮਿਲਣਸਾਰ ਵਿਹਾਰ ਕਾਰਨ ਉਹ ਆਪਣੇ ਅਧਿਕਾਰੀਆਂ ਅਤੇ ਸਾਥੀ ਜਵਾਨਾਂ ਵਿੱਚ ਕਾਫ਼ੀ ਸਤਿਕਾਰ ਹਾਸਲ ਕਰਦੇ ਸਨ।
ਤਿੰਨ ਭਰਾਵਾਂ ਵਿੱਚ ਸਭ ਤੋਂ ਵੱਡੇ ਸਿਕੰਦਰ ਸਿੰਘ ਨੇ ਛੋਟੀ ਉਮਰ ਤੋਂ ਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਉਨ੍ਹਾਂ ਨੇ ਆਪਣੇ ਪਿਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰ ਦਾ ਸਹਾਰਾ ਬਣਦੇ ਹੋਏ ਘਰ ਦੀ ਆਰਥਿਕ ਅਤੇ ਭਾਵਨਾਤਮਕ ਜ਼ਿੰਮੇਵਾਰੀ ਨਿਭਾਈ।
ਕਰੀਬ ਪੰਜ ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਉਨ੍ਹਾਂ ਦੀ ਅਚਾਨਕ ਮੌਤ ਨਾਲ ਪਰਿਵਾਰ ਹੀ ਨਹੀਂ, ਸਗੋਂ ਪੂਰਾ ਪਿੰਡ ਗਹਿਰੇ ਸਦਮੇ ਵਿੱਚ ਹੈ। ਪਿੰਡ ਵਾਸੀਆਂ ਨੇ ਸਿਕੰਦਰ ਸਿੰਘ ਨੂੰ ਇੱਕ ਇਮਾਨਦਾਰ, ਮਿਹਨਤੀ ਅਤੇ ਦੇਸ਼ਭਗਤ ਜਵਾਨ ਵਜੋਂ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Related