ਦੇਸ਼ ਭਰ ‘ਚ ਮਾਨਸੂਨ ਦਾ ਕਹਿਰ: ਯੂਪੀ ‘ਚ 10 ਮੌਤਾਂ, ਉੱਤਰਾਖੰਡ ਦੇ 9 ਜ਼ਿਲ੍ਹਿਆਂ ‘ਚ ਸਕੂਲ ਬੰਦ, ਦਿੱਲੀ ਪਾਣੀ-ਪਾਣੀ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ)  :- ਪੂਰੇ ਦੇਸ਼ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ 69 ਸ਼ਹਿਰਾਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ, ਜਦਕਿ ਮੀਂਹ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਵਿੱਚ 10 ਲੋਕਾਂ ਦੀ ਮੌਤ ਹੋ ਗਈ।

ਬੁਲੰਦਸ਼ਹਿਰ ਵਿੱਚ ਇੱਕ ਪੁਰਾਣੀ ਮਸਜਿਦ ਦੀ ਕੰਧ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਹਰਦੋਈ ਵਿੱਚ ਨਦੀ ਵਿੱਚ ਨਹਾਉਣ ਗਈਆਂ ਦੋ ਭੈਣਾਂ ਤੇਜ਼ ਵਹਾਅ ਵਿੱਚ ਰੁੜ੍ਹ ਗਈਆਂ, ਜਿਨ੍ਹਾਂ ਵਿੱਚੋਂ ਇੱਕ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਉੱਤਰਾਖੰਡ ਵਿੱਚ ਲਗਾਤਾਰ ਪੈ ਰਹੇ ਮੀਂਹ ਨੂੰ ਦੇਖਦਿਆਂ ਨੌਂ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪਿਥੌਰਾਗੜ੍ਹ ਵਿੱਚ ਆਦਿ ਕੈਲਾਸ਼ ਯਾਤਰਾ ਮਾਰਗ ਮਾਲਪਾ ਅਤੇ ਲਾਮਾਰੀ ਨੇੜੇ ਚੱਟਾਨਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਉੱਤਰਕਾਸ਼ੀ ਵਿੱਚ ਸਯਾਨਾਚੱਟੀ ਨੇੜੇ ਯਮੁਨੋਤਰੀ ਹਾਈਵੇਅ ਅਤੇ ਨਲੂਪਾਣੀ ਨੇੜੇ ਗੰਗੋਤਰੀ ਹਾਈਵੇਅ ਜ਼ਮੀਨ ਖਿਸਕਣ ਕਾਰਨ ਬੰਦ ਹਨ, ਜਿਸ ਨਾਲ ਯਮੁਨੋਤਰੀ ਰਸਤੇ ‘ਤੇ ਕਰੀਬ 1,000 ਸ਼ਰਧਾਲੂ ਫਸੇ ਹੋਏ ਹਨ। ਹਰਿਦੁਆਰ ਵਿੱਚ ਸੜਕਾਂ 3 ਤੋਂ 4 ਫੁੱਟ ਤੱਕ ਪਾਣੀ ਨਾਲ ਭਰ ਗਈਆਂ ਹਨ।

ਹਰਿਆਣਾ ਦੇ ਫਰੀਦਾਬਾਦ ਵਿੱਚ ਖੇੜੀ ਪੁਲ ਡਿੱਗਣ ਕਾਰਨ ਇੱਕ ਪਾਸੇ ਦੀ ਆਵਾਜਾਈ ਨੂੰ ਡਾਇਵਰਟ ਕਰਨਾ ਪਿਆ, ਜਦਕਿ ਸੋਨੀਪਤ ਵਿੱਚ ਇੱਕ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਦੀ ਇਮਾਰਤ ਢਹਿ ਗਈ।

ਰਾਜਸਥਾਨ ਦੇ ਧੌਲਪੁਰ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਢਹਿ ਗਿਆ, ਜਿਸ ਹੇਠ ਛੇ ਲੋਕ ਦੱਬ ਗਏ। ਅਜਮੇਰ ਦੇ ਕਿਸ਼ਨਗੜ੍ਹ ਵਿੱਚ ਵੀ ਇੱਕ ਕੱਚਾ ਮਕਾਨ ਡਿੱਗਣ ਕਾਰਨ ਇੱਕ ਜੋੜਾ ਅਤੇ ਉਨ੍ਹਾਂ ਦਾ ਬੱਚਾ ਮਲਬੇ ਹੇਠ ਫਸ ਗਏ। ਮੌਸਮ ਦੇ ਮਾੜੇ ਹਾਲਾਤਾਂ ਕਾਰਨ ਰਾਜ ਵਿੱਚ ਛੇ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਕਈ ਹੋਰ ਰੇਲਾਂ ਦੇਰੀ ਨਾਲ ਚੱਲ ਰਹੀਆਂ ਹਨ।

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਬੁੱਧਵਾਰ ਰਾਤ ਤੋਂ ਸ਼ੁਰੂ ਹੋਇਆ ਭਾਰੀ ਮੀਂਹ ਵੀਰਵਾਰ ਸਵੇਰ ਤੱਕ ਜਾਰੀ ਰਿਹਾ। ਇਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਦਰੱਖਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ-ਨੋਇਡਾ ਐਕਸਪ੍ਰੈਸਵੇਅ ਸਮੇਤ ਕਈ ਮੁੱਖ ਸੜਕਾਂ ‘ਤੇ ਲੰਬੇ ਟ੍ਰੈਫਿਕ ਜਾਮ ਲੱਗਣ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੌਰਾਨ ਵੀ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ।