
Skip to content

ਭਾਰਤ ‘ਚ ਹਫ਼ਤੇ ‘ਚ ਇਕ ਵਾਰ ਲੱਗਣ ਵਾਲੀ ਦੁਨੀਆ ਦੀ ਪਹਿਲੀ ਬੇਸਲ ਇਨਸੁਲਿਨ ‘ਅਵਿਕਲੀ’ ਲਾਂਚ
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ): ਡੈਨਿਸ਼ ਫਾਰਮਾਸਿਊਟੀਕਲ ਕੰਪਨੀ ਨੋਵੋ ਨੋਰਡਿਸਕ ਨੇ ਭਾਰਤ ਵਿੱਚ ‘ਅਵਿਕਲੀ’ (ਇਨਸੁਲਿਨ ਆਈਕੋਡੇਕ) ਲਾਂਚ ਕਰ ਦਿੱਤੀ ਹੈ। ਕੰਪਨੀ ਦੇ ਮੁਤਾਬਕ ਇਹ ਟਾਈਪ-1 ਅਤੇ ਟਾਈਪ-2 ਸ਼ੂਗਰ ਨਾਲ ਪੀੜਤ ਬਾਲਗ ਮਰੀਜ਼ਾਂ ਲਈ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਦਿੱਤੀ ਜਾਣ ਵਾਲੀ ਦੁਨੀਆ ਦੀ ਪਹਿਲੀ ਬੇਸਲ ਇਨਸੁਲਿਨ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਨਵੀਂ ਇਨਸੁਲਿਨ ਨਾਲ ਮਰੀਜ਼ਾਂ ਨੂੰ ਰੋਜ਼ਾਨਾ ਟੀਕੇ ਲਗਵਾਉਣ ਦੀ ਲੋੜ ਨਹੀਂ ਰਹੇਗੀ। ਇਸ ਨਾਲ ਸਾਲ ਭਰ ਵਿੱਚ ਲੱਗਣ ਵਾਲੇ 365 ਟੀਕਿਆਂ ਦੀ ਗਿਣਤੀ ਘਟ ਕੇ ਕੇਵਲ 52 ਰਹਿ ਜਾਵੇਗੀ, ਜਿਸ ਨਾਲ ਇਲਾਜ ਹੋਰ ਆਸਾਨ ਅਤੇ ਸੁਵਿਧਾਜਨਕ ਬਣੇਗਾ।
ਨੋਵੋ ਨੋਰਡਿਸਕ ਅਨੁਸਾਰ ਰੋਜ਼ਾਨਾ ਇਨਸੁਲਿਨ ਦੇ ਟੀਕਿਆਂ ਦਾ ਡਰ ਕਈ ਮਰੀਜ਼ਾਂ ਨੂੰ ਇਨਸੁਲਿਨ ਥੈਰੇਪੀ ਸ਼ੁਰੂ ਕਰਨ ਤੋਂ ਰੋਕਦਾ ਹੈ, ਜਿਸ ਕਾਰਨ ਇਲਾਜ ਵਿੱਚ ਔਸਤਨ 7 ਤੋਂ 9 ਸਾਲ ਦੀ ਦੇਰੀ ਹੋ ਜਾਂਦੀ ਹੈ। ‘ਅਵਿਕਲੀ’ ਦਾ ਉਦੇਸ਼ ਇਸ ਦੇਰੀ ਨੂੰ ਘਟਾਉਣਾ ਅਤੇ ਵੱਧ ਤੋਂ ਵੱਧ ਮਰੀਜ਼ਾਂ ਤੱਕ ਸਮੇਂ ਸਿਰ ਇਲਾਜ ਪਹੁੰਚਾਉਣਾ ਹੈ।
ਕੰਪਨੀ ਨੇ 700 ਯੂਨਿਟ ਦਾ ਪੈਕ 2,611 ਰੁਪਏ ਵਿੱਚ ਲਾਂਚ ਕੀਤਾ ਹੈ। ਇਸ ਹਿਸਾਬ ਨਾਲ ਇਸ ਦੀ ਕੀਮਤ ਲਗਭਗ 3.73 ਰੁਪਏ ਪ੍ਰਤੀ ਯੂਨਿਟ ਬਣਦੀ ਹੈ, ਜੋ ਮੌਜੂਦਾ ਰੋਜ਼ਾਨਾ ਬੇਸਲ ਇਨਸੁਲਿਨ ਦੇ ਮੁਕਾਬਲੇ 30 ਤੋਂ 40 ਫ਼ੀਸਦੀ ਤੱਕ ਸਸਤੀ ਦੱਸੀ ਜਾ ਰਹੀ ਹੈ।
ਜੇਕਰ ਕਿਸੇ ਮਰੀਜ਼ ਨੂੰ ਰੋਜ਼ਾਨਾ 10 ਯੂਨਿਟ ਇਨਸੁਲਿਨ ਦੀ ਲੋੜ ਹੁੰਦੀ ਹੈ, ਤਾਂ ਹਫ਼ਤੇ ਲਈ ਉਸ ਨੂੰ 70 ਯੂਨਿਟ ਇਨਸੁਲਿਨ ਦੀ ਲੋੜ ਪਵੇਗੀ, ਜਿਸ ਦੀ ਲਾਗਤ ਕਰੀਬ 261 ਰੁਪਏ ਪ੍ਰਤੀ ਹਫ਼ਤਾ ਹੋਵੇਗੀ।

Related