ਦਿੱਲੀ ਕਮੇਟੀ ਅਹੁਦੇਦਾਰਾਂ ਵੱਲੋਂ ਰਾਜਸਥਾਨ ਸਰਕਾਰ ਨੂੰ ਚੇਤਾਵਨੀ

    ਗੈਂਗ ਰੇਪ ਦੇ ਦੋਸ਼ੀਆਂ ਨੂੰ ਸੋਮਵਾਰ ਤਕ ਨਹੀਂ ਫ਼ੜਿਆ ਗਿਆ ਤਾਂ ਕਲੈਕਟਰ ਆਫ਼ਿਸ ਦਾ ਘੇਰਾਓ ਕਰਾਂਗੇ

    ਕਾਂਗਰਸ ਸਿੱਖਾਂ ਪ੍ਰਤੀ ਨਫ਼ਰਤ ਦੇ ਚਲਦੇ ਦੋਸ਼ੀਆਂ ਨੂੰ ਬਚਾਉਣ ’ਚ ਲੱਗੀ : ਬਾਠ, ਕਾਲਕਾ

    ਨਵੀਂ ਦਿੱਲੀ, 14 ਜਨਵਰੀ : ਰਾਜਥਾਨ ਦੇ ਅਲਵਰ ਜ਼ਿਲ੍ਹੇ ’ਚ ਸਿੱਖ ਭਾਈਚਾਰੇ ਦੀ ਬੱਚੀ ਨਾਲ ਹੋਏ ਗੈਂਗਰੇਪ ਮਾਮਲੇ ਨੂੰ ਤਿੰਨ ਦਿਨ ਬੀਤ ਚੁਕੇ ਹਨ ਪਰ ਹਾਲੇ ਤਕ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਪਾਈ ਹੈ। ਪ੍ਰਸ਼ਾਸਨ ਦੋਸ਼ੀਆਂ ਨੂੰ ਬਚਾ ਰਿਹਾ ਹੈ ਜਿਸ ਨੂੰ ਲੈ ਕੇ ਦੇਸ਼ ਭਰ ਦੇ ਸਿੱਖ ਸਮੁਦਾਇ ਅੰਦਰ ਰੋਸ਼ ਵੇਖਣ ਨੂੰ ਮਿਲ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਜਾਰੀ ਸੰਯੁਕਤ ਬਿਆਨ ’ਚ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸੋਮਵਾਰ ਤਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇਸਲਾਖਾਂ ਪਿੱਛੇ ਨਹੀਂ ਭੇਜਿਆ ਗਿਆ ਤਾਂ ਦਿੱਲੀ ਗੁਰਦੁਆਰਾ ਕਮੇਟੀ ਸਥਾਨਕ ਸਿੱਖਾਂ ਦੇ ਸਹਿਯੋਗ ਨਾਲ ਅਲਵਰ ਜ਼ਿਲੇ ਦੇ ਕਲੈਕਟਰ ਆਫ਼ਿਸ ਦਾ ਘੇਰਾਓ ਕਰੇਗੀ ਅਤੇ ਲੋੜ ਪੈਣ ’ਤੇ ਮੁੱਖਮੰਤਰੀ ਨਿਵਾਸ ਅੱਗੇ ਵੀ ਪ੍ਰਦਰਸ਼ਨ ਕੀਤਾ ਜਾਵੇਗਾ।
    ਸ. ਕੁਲਵੰਤ ਸਿੰਘ ਬਾਠ ਤੇ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖ ਜਰਨੈਲ ਮੁਗਲਾਂ ਤੋਂ ਹਿੰਦੂ ਬੱਚੀਆਂ ਦੀ ਹਿਫ਼ਾਜ਼ਤ ਕਰਦੇ ਸਨ ਇਸੇ ਕਾਰਣ ਜੇਕਰ ਕੋਈ ਵੀ ਸਮੁਦਾਇ ਦੀ ਮਹਿਲਾ, ਬੱਚੀ ਸਿੱਖ ਨੂੰ ਦੇਖ ਲੈਂਦੀ ਸੀ ਤਾਂ ਖੁਦ ਨੂੰ ਮਹਿਫ਼ੂਜ਼ ਸਮਝਦੀ ਸੀ ਪਰ ਅਫ਼ਸੋਸ ਕਿ ਅੱਜ ਸਾਡੀ ਆਪਣੀ ਬੱਚੀਆਂ ਹੀ ਸੁਰੱਖਿਅਤ ਨਹੀਂ ਹਨ। ਅਲਵਰ ਦੀ ਘਟਨਾ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਜਿੱਥੇ ਇੱਕ ਨਾਬਾਲਿਗ ਸਿੱਖ ਬੱਚੀ ਨਾਲ ਜ਼ਾਲਿਮਾਂ ਨੇ ਗੈਂਗਰੇਪ ਕਰਕੇ ਲਹੂ-ਲੂਹਾਨ ਹਾਲਤ ’ਚ ਸੜਕ ’ਤੇ ਸੁੱਟ ਦਿੱਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਨਾ ਤਾਂ ਦੂਰ ਸਗੋਂ ਦੋਸ਼ੀਆਂ ਨੂੰ ਬਚਾਉਂਦਾ ਦਿਖ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਨਿਰਭਯਾ ਕਾਂਡ ਸਮੇਂ ਚੀਖ-ਚੀਖ ਕੇ ਹੋ ਹੱਲਾ ਕਰਨ ਵਾਲੀ ਗਾਂਧੀ ਪਰਿਵਾਰ ਦੀ ਬੇਟੀ ਪ੍ਰਿੰਯਕਾ ਗਾਂਧੀ ਨੇ ਅੱਜ ਇਸ ਘਟਨਾ ’ਤੇ ਚੁੱਪੀ ਵੱਟ ਰੱਖੀ ਹੈ ਕੀ ਇਸਲਈ ਕਿਉਂਕਿ ਇਹ ਇੱਕ ਸਿੱਖ ਪਰਿਵਾਰ ਦੀ ਬੱਚੀ ਹੈ ਇਸ ਲਈ ਕੋਈ ਇਸ ਬੱਚੀ ਦੀ ਮਦਦ ਲਈ ਅਤੇ ਇਸ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਨਿਰਭਯਾ ਕਾਂਡ ਸਮੇਂ ਸਿੱਖ ਸਮੁਦਾਇ ਦੇ ਲੋਕਾਂ ਨੇ ਦੇਸ਼ ਦੇ ਵੱਖ-ਵੱਖ ਲੋਕਾਂ ਨਾਲ ਮਿਲ ਕੇ ਨਿਰਭਯਾ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਆਵਾਜ਼ ਬੁਲੰਦ ਕੀਤੀ ਸੀ ਅੱਜ ਵੀ ਸਾਨੂੰ ਸਾਰਿਆਂ ਨੂੰ ਮਿਲ ਕੇ ਅਲਵਰ ਜ਼ਿਲ੍ਹੇ ਦੀ ਬੱਚੀ ਦੀ ਆਵਾਜ਼ ਬਣਨਾ ਚਾਹੀਦਾ ਹੈ ਤਾਕਿ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ।
    ਉਪਰੋਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਚੁੱਪੀ ਨੇ ਇੱਕ ਵਾਰ ਫ਼ੇਰ ਸਾਬਤ ਕਰ ਦਿੱਤਾ ਹੈ ਕਿ ਉਹ ਸਿੱਖ ਵਿਰੋਧੀ ਹਨ ਸ਼ਾਇਦ ਇਸ ਲਈ ਹੁਣ ਤਕ ਗਾਂਧੀ ਪਰਿਵਾਰ ਜਾਂ ਕਿਸੇ ਕਾਂਗਰਸੀ ਆਗੂ ਦੀ ਕੋਈ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਈ। ਇਸ ਮਾਮਲੇ ’ਤੇ ਸਾਰਿਆਂ ਨੂੰ ਪਾਰਟੀਵਾਦ ਤੋਂ ਉੱਪਰ ਉਠ ਕੇ ਬੱਚੀ ਦੀ ਆਵਾਜ਼ ਬਣਨਾ ਚਾਹੀਦਾ ਹੈ ਕਿਉਂਕਿ ਅੱਜ ਇਹ ਇੱਕ ਸਿੱਖ ਪਰਿਵਾਰ ਦੀ ਬੱਚੀ ਨਾਲ ਹੋਇਆ ਹੈ ਕਲ੍ਹ ਨੂੰ ਕਿਸੇ ਹੋਰ ਸਮੁਦਾਇ ਨਾਲ ਵੀ ਘਟਨਾ ਵਾਪਰ ਸਕਦੀ ਹੈ ਇਸ ਲਈ ਸਾਰਿਆਂ ਨੂੰ ਮਿਲ ਕੇ ਬੱਚੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਹੋਏ ਇਨਸਾਫ਼ ਦੁਆਉਣ ਲਈ ਅੱਗੇ ਆਉਣਾ ਚਾਹੀਦਾ ਹੈ।