(ਅਮਿਤ ਨਖਵਾਲ) ਨਵੀਂ ਦਿੱਲੀ: ਪੇਪਰ ਲੀਕ, ਪ੍ਰੀਖਿਆ ਬੇਨਿਯਮੀਆਂ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਚੱਲ ਰਹੇ ਨੌਜਵਾਨਾਂ ਦੇ ਪ੍ਰਦਰਸ਼ਨ ਨੂੰ ਹੁਣ ਮਨੋਰੰਜਨ ਜਗਤ ਤੋਂ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਇਸੇ ਕੜੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਕਾਕਾ ਅੰਦੋਲਨ ਵਿੱਚ ਸ਼ਾਮਲ ਹੋਏ ਅਤੇ ਸਟੇਜ ਤੋਂ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ।

ਕਾਕਾ ਦੇ ਸਟੇਜ ‘ਤੇ ਪਹੁੰਚਦੇ ਹੀ ਪ੍ਰਦਰਸ਼ਨਕਾਰੀਆਂ ਨੇ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਭੀੜ ਨੇ ਉਨ੍ਹਾਂ ਦੇ ਮਸ਼ਹੂਰ ਗੀਤ “ਬੱਗੇ-ਬੱਗੇ ਬਿੱਲੇ-ਬਿੱਲੇ…” ਦੀ ਫਰਮਾਇਸ਼ ਕੀਤੀ, ਪਰ ਕਾਕਾ ਨੇ ਹੱਸਦੇ ਹੋਏ ਕਿਹਾ ਕਿ ਅੱਜ ਦਾ ਮਾਹੌਲ ਵੱਖਰਾ ਹੈ ਅਤੇ ਇਸ ਮੰਚ ‘ਤੇ ਉਹ ਨੌਜਵਾਨਾਂ ਦੇ ਸੰਘਰਸ਼ ਨਾਲ ਜੁੜੀ ਗੱਲ ਹੀ ਕਰਨਗੇ।

ਇਸ ਦੌਰਾਨ ਕਾਕਾ ਨੇ ਆਪਣੇ ਅੰਦਾਜ਼ ਵਿੱਚ ਇੱਕ ਗੀਤ ਅਤੇ ਤਿੱਖੇ ਤੰਜਾਂ ਰਾਹੀਂ ਮੌਜੂਦਾ ਪ੍ਰਣਾਲੀ ਅਤੇ ਸਿਸਟਮ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੀ ਪੇਸ਼ਕਾਰੀ ਨੂੰ ਨੌਜਵਾਨਾਂ ਵੱਲੋਂ ਭਰਪੂਰ ਸਮਰਥਨ ਮਿਲਿਆ ਅਤੇ ਮੌਜੂਦ ਭੀੜ ਨੇ ਜ਼ੋਰਦਾਰ ਨਾਅਰੇਬਾਜ਼ੀ ਨਾਲ ਉਨ੍ਹਾਂ ਦਾ ਸਾਥ ਦਿੱਤਾ।

ਸਟੇਜ ਤੋਂ ਹਲਕੇ-ਫੁਲਕੇ ਅੰਦਾਜ਼ ਵਿੱਚ ਕਾਕਾ ਨੇ ਕਿਹਾ, “ਜਲਦੀ ਵਿੱਚ ਮੇਰੀ ਮੰਜੀ ਨਾ ਠੁਕਵਾ ਦੇਣਾ,” ਜਿਸ ਨਾਲ ਮਾਹੌਲ ਵਿੱਚ ਹਾਸਾ ਫੈਲ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਅੰਦੋਲਨ ਦੇ ਆਗੂਆਂ ਅਤੇ ਮੌਜੂਦ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਦੇ ਸੰਘਰਸ਼ ਨੂੰ ਜਾਇਜ਼ ਕਰਾਰ ਦਿੱਤਾ।

ਕਾਕਾ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਦੇ ਸਮਰਥਨ ਨਾਲ ਜੰਤਰ-ਮੰਤਰ ‘ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਦਾ ਜੋਸ਼ ਹੋਰ ਵੀ ਵਧ ਗਿਆ।