ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਮੀਤ ਪ੍ਰਧਾਨ ਅਮਨਜੀਤ ਸਿੰਘ ਸੈਂਕੜੇ ਸਮਰਥਕਾਂ ਸਮੇਤ ਦਿੱਲੀ ਸਟੇਟ ‘ਚ ਸ਼ਾਮਲ

ਨਵੀਂ ਦਿੱਲੀ, 27 ਮਈ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦਿੱਲੀ ਦੀ ਪੰਥਕ ਰਾਜਨੀਤੀ ਵਿੱਚ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਮੀਤ ਪ੍ਰਧਾਨ ਅਮਨਜੀਤ ਸਿੰਘ ਨੇ ਆਪਣੇ ਸੈਂਕੜੇ ਸਮਰਥਕਾਂ ਸਮੇਤ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਮੂਲੀਅਤ ਕਰ ਲਈ। ਇਹ ਸ਼ਮੂਲੀਅਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਹਾਜ਼ਰੀ ਵਿੱਚ ਕਰਵਾਈ ਗਈ।

ਦਿੱਲੀ ਸਟੇਟ ਦੇ ਆਗੂਆਂ ਨੇ ਇਸ ਮੌਕੇ ਕਿਹਾ ਕਿ ਉਹਨਾਂ ਦੀ ਪਾਰਟੀ ਨਿਰੋਲ ਧਾਰਮਿਕ ਅਤੇ ਪੰਥਕ ਸੇਵਾ ਲਈ ਸਮਰਪਿਤ ਹੈ ਅਤੇ ਇਸਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ। ਉਹਨਾਂ ਦੱਸਿਆ ਕਿ 2021 ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਿਹਤ, ਸਿੱਖਿਆ ਅਤੇ ਸੰਗਤ ਦੀ ਸੇਵਾ ਲਈ ਕਈ ਵੱਡੇ ਉਪਰਾਲੇ ਕੀਤੇ ਗਏ ਹਨ।

ਉਹਨਾਂ ਬਾਲਾ ਸਾਹਿਬ ਹਸਪਤਾਲ ਦੇ ਮੁਫ਼ਤ ਡਾਇਲਸਿਸ ਕੇਂਦਰ, ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਦੇ 50 ਰੁਪਏ ਵਾਲੇ ਐਮ.ਆਰ.ਆਈ./ਸੀ.ਟੀ. ਸਕੈਨ ਸੈਂਟਰ ਅਤੇ ਬਾਲਾ ਪ੍ਰੀਤਮ ਦਵਾਖਾਨਿਆਂ ਰਾਹੀਂ ਸਸਤੀਆਂ ਦਵਾਈਆਂ ਦੀਆਂ ਸਹੂਲਤਾਂ ਦਾ ਵੀ ਜ਼ਿਕਰ ਕੀਤਾ। ਆਗੂਆਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਰੋਜ਼ਾਨਾ 2 ਲੱਖ ਲੋਕਾਂ ਨੂੰ ਲੰਗਰ ਛਕਾਇਆ ਗਿਆ ਅਤੇ ਕਿਸਾਨੀ ਸੰਘਰਸ਼ ਦੌਰਾਨ ਵੀ ਸੇਵਾ ਨਿਭਾਈ ਗਈ।

ਉਹਨਾਂ ਇਹ ਵੀ ਦੱਸਿਆ ਕਿ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ 40 ਸਾਲਾਂ ਬਾਅਦ ਸਰਕਾਰੀ ਨੌਕਰੀਆਂ ਦਵਾਉਣ ਦਾ ਕੰਮ ਵੀ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ।

ਆਗੂਆਂ ਨੇ ਕਿਹਾ ਕਿ ਅਮਨਜੀਤ ਸਿੰਘ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ।